ਤਜੱਮਲ ਕਲੀਮ ਸੌਖੀ ਜ਼ੁਬਾਨ ਦਾ ਸ਼ਾਇਰ ਹੈ,ਪਰ ਉਸਦੀ ਸ਼ਾਇਰੀ ਸੌਖੀ ਨਹੀਂ। ਇਹ ਜ਼ਿੰਦਗੀ ਦੀਆਂ ਔਖਾਂ ਦਾ ਭਾਰ ਚੁੱਕੀ ਫਿਰਦੀ ਹੈ। ਇਸ ਵਿੱਚ ਤਲਖ਼ੀਆਂ ਤੇ ਮਹਿਰੂਮੀਆਂ ਉਦਾਸੀ ਦੇ ਕੋਲ ਗਾਉਂਦੀਆਂ ਹਨ। ਇਹ ਸ਼ਾਇਰੀ ਨੰਗੇ ਪੈਰਾਂ 'ਚ ਚੁਭੀਆਂ ਸੂਲਾਂ ਤੇ ਪੱਥਰ ਘੜਦਿਆਂ ਜ਼ਖ਼ਮੀ ਹੋਏ ਪੋਟਿਆਂ ਦਾ ਲਹੂ ਲਿਖਦੀ ਹੈ। ਛੋਟੇ-ਛੋਟੇ ਮਿਸਰੇ ਤਜੱਮਲ ਕਲੀਮ ਦੀ ਖ਼ਾਸੀਅਤ ਹਨ ਜੋ ਉਸਦੇ ਸ਼ਿਅਰਾਂ ਨੂੰ ਲੋਕ ਮੁਹਾਵਰੇ ਦੇ ਨੇੜੇ ਰੱਖਦੇ ਹਨ। ਉਸਦੇ ਸ਼ਿਅਰ ਮਿੱਟੀ ਰੰਗੇ ਹਨ, ਜਿਹੜੇ ਸਮਝ ਆਉਣ ਤੋਂ ਪਹਿਲਾਂ, ਪੜ੍ਹਨ ਸੁਣਨ ਵਾਲੇ ਨੂੰ ਲੜ ਜਾਂਦੇ ਹਨ। 'ਲੜ ਜਾਣਾ' ਕਿਸੇ ਵੀ ਸ਼ਾਇਰੀ ਦਾ ਮੀਰੀ ਗੁਣ ਹੁੰਦਾ ਹੈ। ਤਜੱਮਲ ਕਲੀਮ ਧਰਤੀ ਦੇ ਦੁੱਖਾਂ ਕਲੇਸ਼ਾਂ ਨਾਲ ਲੜਦਾ ਹੋਇਆ, - ਦਿਲ 'ਤੇ ਲੜ ਜਾਣ ਵਾਲੀ ਸ਼ਾਇਰੀ ਕਰਦਾ ਹੈ।
- ਗੁਰਤੇਜ ਕੋਹਾਰਵਾਲਾ