ਜਦੋਂ ‘ਕੋਠੇ ਖੜਕ ਸਿੰਘ’ ਨਾਵਲ ਲਿਖਣ ਬਾਰੇ ਅਣਖੀ ਜੀ ਆਪਣੇ ਆਪ ਨੂੰ ਤਿਆਰ ਕਰ ਰਹੇ ਸਨ ਉਸ ਸਮੇਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਾ ਸੀ, ਜਦੋਂ ਬਰਨਾਲੇ ਆਉਂਦਾ ਤਾਂ ਉਹ ਮੇਰੇ ਨਾਲ ਇੱਕ ਵੱਡਾ ਨਾਵਲ ਲਿਖਣ ਦੀਆਂ ਗੱਲਾਂ ਕਰਦੇ। ਵੱਡਾ ਨਾਵਲ ਦਾ ਮਤਲਬ ਉਹ ‘ਵੱਡੇ ਕੈਨਵਸ’ ਤੋਂ ਲੈਂਦੇ ਸਨ। ਉਨ੍ਹਾਂ ਨੇ ਮੈਨੂੰ ਕਿਹਾ ਕਿ ਸ਼ੋਲੋਖੋਵ ਦਾ ਵੱਡ-ਆਕਾਰੀ ਨਾਵਲ ‘ਤੇ ਡਾਨ ਵਹਿੰਦਾ ਰਿਹਾ’ ਜੇ ਮਿਲੇ ਤਾਂ ਲੈ ਕੇ ਆਉਣਾ ਹਾਲਾਂਕਿ ਇਹ ਨਾਵਲ ਉਨ੍ਹਾਂ ਨੇ 1970 ਵਿੱਚ ਪੜ੍ਹ ਲਿਆ ਸੀ। ਪਰ ਹੁਣ ਦੁਬਾਰਾ ਪੜ੍ਹਨਾ ਚਾਹੁੰਦੇ ਸਨ। ਉਹ ਅਸਲ ਵਿੱਚ ਇਸ ਨੂੰ/ਇਸ ਦੇ ਪੈਟਰਨ ਨੂੰ ਦਿਮਾਗ ਵਿੱਚ ਬੈਠਾਉਣਾ ਚਾਹੁੰਦੇ ਸਨ। ਇਸੇ ਤਰ੍ਹਾਂ ਉਨ੍ਹਾਂ ਨੇ ਦੋਸਤੋਵਸਕੀ ਦਾ ‘ਬੁੱਧੂ` ਅਸਕਦ ਮੁਖਤਾਰ ਦਾ ‘ਭੈਣਾਂ’ ਕੁਰਅਤੁਲਐਨ ਹੈਦਰ ਦਾ ‘ਆਗ ਕਾ ਦਰਿਆ’ ਪ੍ਰੇਮ ਚੰਦ ਦਾ ‘ਗੋਦਾਨ’ ਮੁੜ ਪੜ੍ਹੇ।
ਅਖੀਰ ਉਨ੍ਹਾਂ ਨੇ... ਆਪਣੇ ਵੱਡੇ ਕੈਨਵਸ ਲਈ ਬਰਨਾਲੇ ਤੋਂ ਬਾਜਾਖਾਨਾ ਰੋਡ ਜੇ ਜਾਈਏ ਤਾਂ ਭਦੌੜ ਤੋਂ ਅੱਗੇ ਸਲਾਬਤਪੁਰੇ ਦਾ ਬੱਸ-ਅੱਡਾ ਆਉਂਦਾ ਹੈ। ਸਲਾਬਤਪੁਰੇ ਤੋਂ ਇੱਕ ਹੋਰ ਸੜਕ ਰਾਮਪੁਰਾ ਫੂਲ ਨੂੰ ਜਾਂਦੀ ਹੈ। ਇਸ ਸੜਕ ਉੱਤੇ ਹੀ ਭਾਈਰੂਪਾ। ਭਾਈਰੂਪੇ ਤੋਂ ਅੱਗੇ ਬੁਰਜ ਗਿੱਲਾਂ ਹੈ। ਬੁਰਜ ਗਿੱਲਾਂ ਤੋਂ ਇੱਕ ਲਿੰਕ-ਸੜਕ ਸੇਲਬਰਾਹ ਪਿੰਡ ਤੱਕ ਜਾਂਦੀ ਹੈ ਤੇ ਸੇਲਬਰਾਹ ਤੋਂ ਇੱਕ ਲਿੰਕ ਸੜਕ ਭਾਈਰੂਪੇ ਨੂੰ ਮੁੜ ਆਉਂਦੀ ਹੈ। ਬੁਰਜ ਗਿੱਲਾਂ ਕੋਲ ਦੀ ਇੱਕ ਸੂਆ ਲੰਘਦਾ ਹੈ ਜੋ ਸੇਲਬਰਾਹ ਵੱਲ ਨਿੱਕਲ ਜਾਂਦਾ ਹੈ। ਇਸ ਸੂਏ ਕੋਲ ਭਾਈਰੂਪੇ ਵਾਲੇ ਪਾਸੇ ਉਨ੍ਹਾਂ ਨੇ ਇੱਕ ਕਲਪਿਤ ਪਿੰਡ ਵਸਾ ਦਿੱਤਾ। ਜਿਸ ਦਾ ਨਾਂ ਰੱਖਿਆ- ਕੋਠੇ ਖੜਕ ਸਿੰਘ।
- ਕਰਾਂਤੀ ਪਾਲ