ਜੇ. ਕ੍ਰਿਸ਼ਨਾਮੂਰਤੀ (1895-1986) ਦਾ ਸ਼ੁਮਾਰ ਉਨ੍ਹਾਂ ਮਹਾਨਤਮ ਫ਼ਿਲਾਸਫ਼ਰਾਂ ਅਤੇ ਧਾਰਮਿਕ ਸਿਖਿਅਕਾਂ ਵਿੱਚ ਹੁੰਦਾ ਹੈ, ਜੋ ਸਮੇਂ ਦੇ ਹੱਦਾਂ-ਬੰਨਿਆਂ ਤੋਂ ਪਾਰ ਹਨ। ਸੱਠਾਂ ਸਾਲਾਂ ਤੋਂ ਵੀ ਵਧੇਰੇ ਸਮੇਂ ਤੱਕ ਉਹ ਦੁਨੀਆ ਭਰ ਵਿੱਚ ਘੁੰਮਦੇ ਹੋਏ ਲੋਕਾਂ ਨਾਲ ਸੰਵਾਦ ਰਚਾਉਂਦੇ ਰਹੇ ਅਤੇ ਵਾਰਤਾਵਾਂ ਕਰਦੇ ਰਹੇ, ਕਿਸੇ ਗੁਰੂ ਦੇ ਤੌਰ 'ਤੇ ਨਹੀਂ ਸਗੋਂ ਇੱਕ ਦੋਸਤ ਦੇ ਰੂਪ ਵਿੱਚ। ਉਨ੍ਹਾਂ ਦੀਆਂ ਸਿਖਿਆਵਾਂ ਕਿਤਾਬੀ ਗਿਆਨ ਜਾਂ ਸਿਧਾਂਤਾਂ ਉੱਤੇ ਟਿਕੀਆਂ ਹੋਈਆਂ ਨਹੀਂ ਹਨ, ਇਸੇ ਲਈ ਉਹ ਕਿਸੇ ਵੀ ਅਜਿਹੇ ਆਦਮੀ ਨਾਲ ਸਿੱਧਾ ਸੰਵਾਦ ਸਥਾਪਤ ਕਰ ਲੈਂਦੀਆਂ ਹਨ ਜੋ ਮੌਜੂਦਾ ਸੰਸਾਰ ਦੇ ਸੰਕਟ ਅਤੇ ਨਾਲ ਹੀ ਨਾਲ ਮਨੁੱਖੀ ਹੋਂਦ ਦੇ ਸਦੀਵੀ ਸਵਾਲਾਂ ਦੇ ਜਵਾਬਾਂ ਦੀ ਤਲਾਸ਼ ਵਿੱਚ ਹੈ।