ਮੈਨੂੰ ਉਮੀਦ ਹੈ ਕਿ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਨੂੰ ਨਤਮਸਤਕ ਹੋਣ ਵਾਲ਼ੇ ਲੋਕਾਂ ਲਈ ਇਹ ਪੁਸਤਕ ਗਿਆਨ ਦਾ ਭੰਡਾਰ ਤਾਂ ਹੈ ਹੀ, ਸਗੋਂ ਦਲਿਤ ਸਮਾਜ ਦੀ ਆ ਰਹੀ ਨਵੀਂ ਪੀੜ੍ਹੀ, ਜਿਸ ਦਾ ਵਾਹ ਉਸ ਜਾਤੀਵਾਦੀ ਸਮਾਜ ਨਾਲ਼ ਪੈਣਾ ਹੈ, ਜਿਸ ਵਿੱਚ ਇਨਸਾਨ ਦੀ ਲਿਆਕਤ ਨੂੰ ਵੇਖ-ਪਰਖ ਕੇ ਮਾਨ-ਸਨਮਾਨ ਨਹੀਂ ਦਿੱਤਾ ਜਾਂਦਾ, ਸਗੋਂ ਜਾਤੀ ਪਰਿਪੇਖ ਵਿੱਚੋਂ ਵੇਖਿਆ ਜਾਂਦਾ ਹੈ।
ਮੇਰੇ ਲਈ ਮਾਣ ਦੀ ਗੱਲ ਹੈ ਕਿ ਇਹ ਕਾਰਜ ਮੇਰੇ ਹੱਥੋਂ ਹੋਇਆ ਹੈ। ਮੈਨੂੰ ਲਗਦਾ ਹੈ ਕਿ ਡਾਕਟਰ ਅੰਬੇਦਕਰ ਨੇ, ਜੋ ਕਰਜ਼ਾ ਪੰਜਾਬ ਦੇ ਦਲਿਤ ਭਾਈਚਾਰੇ ਅਤੇ ਪਛੜੀਆਂ ਸ਼੍ਰੇਣੀਆਂ ਦੇ ਸਿਰ ਆਪਣੀ ਨਿਧੜਕ ਆਵਾਜ਼ ਉਠਾ ਕੇ ਚਾੜ੍ਹਿਆ ਸੀ। ਉਹ ਕਰਜ਼ਾ ਮੈਂ ਇਸ ਕਾਰਜ ਦੇ ਜ਼ਰੀਏ ਕੁੱਝ ਨਾ ਕੁੱਝ ਉਤਾਰਨ ਵਿੱਚ ਕਾਮਯਾਬ ਹੋਇਆ ਹਾਂ। ਲਕਸ਼ਮਣ ਗਾਇਕਵਾੜ ਦੀ ਇਸ ਪੁਸਤਕ ਦੀ ਮੌਲਿਕਤਾ ਨੂੰ ਬਰਕਰਾਰ ਰੱਖਿਆ ਗਿਆ ਹੈ। ਹਰ ਸਤਰ ਦੇ ਵਜੂਦ ਨੂੰ ਪੰਜਾਬੀ ਭਾਸ਼ਾ ਦੇ ਰੰਗ ਵਿੱਚ ਰੰਗਿਆ ਹੈ। ਪੁਸਤਕ ਵਿਚਲੀ ਭਾਵਨਾ ਜਿਸ ਤਰ੍ਹਾਂ ਦੀ ਮਰਾਠੀ ਵਿੱਚ ਸੀ, ਨੂੰ ਹੂ-ਬ-ਹੂ ਰੱਖਿਆ ਗਿਆ ਹੈ।
ਮੈਂ ਦਲਿਤ ਵਰਗ ਲਈ ਅਤੇ ਪਛੜੀਆਂ ਸ਼੍ਰੇਣੀਆਂ ਦੀ ਆਉਣ ਵਾਲ਼ੀ ਪੀੜ੍ਹੀ ਨੂੰ ਇਹ ਪੁਸਤਕ ਪੜ੍ਹਨ ਦੀ ਸਨਿਮਰ ਬੇਨਤੀ ਕਰਦਾ ਹਾਂ।