‘ਕਈ ਵਾਰ ਧੁੰਦਲੀਆਂ ਯਾਦਾਂ ਪੱਕੀਆਂ ਯਾਦਾਂ ਨਾਲ਼ੋਂ ਵਧੇਰੇ ਜਜ਼ਬਾਤੀ ਕਰਦੀਆਂ ਹਨ। ਇਹੋ ਉਸ ਪੂਰੀ ਪੀੜ੍ਹੀ ਨਾਲ਼ ਹੋਇਆ ਜੋ ਉਦੋਂ ਬੱਚੇ ਸਨ, ਜਿਨ੍ਹਾਂ ਨੂੰ 1947 ਵਿੱਚ ਭਾਰਤੀ ਉਪਮਹਾਂਦੀਪ ਦੀ ਸਿਆਸੀ ਵੰਡ ਦੇ ਨਤੀਜੇ ਵਜੋਂ ਹੋਏ ਉਜਾੜੇ ਵਿੱਚ ਆਪਣੇ ਮਾਪਿਆਂ ਜਾਂ ਰਿਸ਼ਤੇਦਾਰਾਂ ਸਮੇਤ ਆਪਣੇ ਘਰਾਂ ਤੋਂ ਭੱਜਣਾ ਪਿਆ। ਹਿੰਸਾ, ਜੋ ਉਨ੍ਹਾਂ ਨੇ ਵੇਖੀ ਜਿਸ ਵਿਚ, ਬਹੁਤੀਆਂ ਰਿਪੋਰਟਾਂ ਮੁਤਾਬਕ ਸੈਂਕੜੇ-ਹਜ਼ਾਰਾਂ ਲੋਕ ਕਤਲ, ਅਪੰਗ ਹੋਏ ਅਤੇ ਵੱਖ ਵੱਖ ਤਰੀਕਿਆਂ ਨਾਲ ਆਪਣੇ ਹੀ ਗੁਆਂਢੀਆਂ-ਮਿੱਤਰਾਂ ਹੱਥੋਂ ਬੇਇਜ਼ਤ ਹੋਏ, ਉਨ੍ਹਾਂ ਦੇ ਅੰਤਰਮਨ ਮਨ ਉੱਪਰ ਅਮਿੱਟ ਛਾਪ ਛੱਡ ਗਈ। ਜਿਹੜੇ ਬਚ ਗਏ ਉਹ ਮਰਦੇ ਦਮ ਤੱਕ ਇਕੱਠੇ ਜੁੜਦੇ, ਇੱਕ ਦੂਜੇ ਨਾਲ ਆਪਣੇ ਖੁੱਸ ਗਏ ਘਰਾਂ, ਜ਼ਮੀਨਾਂ, ਚਰਾਗਾਹਾਂ ਅਤੇ ਦਰਿਆਵਾਂ ਬਾਰੇ ਗੱਲਾਂ ਕਰਦੇ। ਉਹ ਆਪਣੇ ਪਿਆਰੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਘਾਟ ਮਹਿਸੂਸ ਕਰਦੇ; ਜਿਸ ਖ਼ੂਨ-ਖ਼ਰਾਬੇ ਵਿਚ ਵਗੇ ਲਹੂ ਦੇ ਉਹ ਬੇਵੱਸ ਗਵਾਹ ਸਨ, ਉਹ ਉਨ੍ਹਾਂ ਨੂੰ ਡਰਾਉਣੇ ਸੁਪਨੇ ਵਾਂਗ ਡਰਾਉਂਦਾ ਰਹਿੰਦਾ। ਕਈ ਵਾਰ ਅਜਿਹੀਆਂ ਮੁਲਾਕਤਾਂ ਉਨ੍ਹਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਦਾ ਕੰਮ ਵੀ ਕਰਦੀਆਂ।’