ਮੇਰਾ ਖਿਆਲ ਹੈ ਕਿ ਖੁਦ ਅੱਲਾਹ ਵੀ, ਆਪਣੇ ਸੇਵਕਾਂ ਨੂੰ ਕੋਈ ਦਿਲ ਬਹਿਲਾਉਂਦੀ ਕਹਾਣੀ ਸੁਨਾਉਣ, ਜਾਂ ਇਕ ਹੋਰ ਮਹਾਂਵਾਕ ਉਚਰਨ ਤੋਂ ਪਹਿਲਾਂ, ਸਿਗਰਟ ਬਾਲਦਾ ਹੋਵੇਗਾ, ਅਲਸਾਏ ਜਿਹੇ ਕਸ਼ ਭਰਦਾ ਹੋਵੇਗਾ ਤੇ ਅੰਤਰਧਿਆਨ ਹੋ ਕੇ ਸੋਚਦਾ ਹੋਵੇਗਾ।
ਹਵਾ ਵਿਚ ਉੱਡਣ ਤੋਂ ਪਹਿਲਾਂ ਹਵਾਈ ਜਹਾਜ਼ ਬਹੁਤ ਸ਼ੋਰ ਮਚਾਉਂਦਾ ਹੈ: ਇਸਨੂੰ ਸਾਰੇ ਹਵਾਈ ਅੱਡੇ ਦੇ ਵਿਚੋਂ ਦੀ ਕੱਢ ਕੇ ਰੱਨ-ਵੇ ਤੱਕ ਲਿਜਾਇਆ ਜਾਂਦਾ ਹੈ, ਉਹ ਹੋਰ ਵੀ ਜ਼ਿਆਦਾ ਸ਼ੋਰ ਮਚਾਉਂਦਾ ਹੈ, ਤੇ ਫਿਰ ਆਪਣੀ ਦੌੜ ਸ਼ੁਰੂ ਕਰ ਦੇਂਦਾ ਹੈ । ਇਹ ਸਾਰਾ ਕੁਝ ਕਰਨ ਤੋਂ ਪਿਛੋਂ ਹੀ, ਉਹ ਉਪਰ ਨੂੰ ਉਠਦਾ ਹੈ।
ਹੈਲੀਕਾਪਟਰ ਨੂੰ ਦੌੜ ਨਹੀਂ ਲਾਉਣੀ ਪੈਂਦੀ, ਪਰ ਇਹ ਵੀ ਹਵਾ ਵਿਚ ਉੱਡਣ ਤੋਂ ਪਹਿਲਾਂ ਬਹੁਤ ਸਾਰਾ ਸ਼ੋਰ ਮਚਾਉਂਦਾ ਹੈ, ਗਰਜਦਾ ਹੈ, ਤੇ ਗੜਗੜਾਹਟ ਪੈਦਾ ਕਰਦਾ ਹੈ, ਤੇ ਬੁਰੀ ਤਰ੍ਹਾਂ ਕੰਬਣੀਆਂ ਖਾਂਦਾ ਹੈ।
ਸਿਰਫ ਪਹਾੜੀ ਉਕਾਬ ਹੀ ਆਪਣੀ ਚਟਾਨ ਤੋਂ ਸਿਧਾ ਉਤਾਂਹ ਵੱਲ ਨੂੰ ਨੀਲੱਤਣ ਵੱਲ ਨੂੰ ਸ਼ੂਟ ਵੱਟਦਾ ਹੈ, ਜਿਥੋਂ ਇਹ ਠਾਠ ਨਾਲ ਉੱਡਦਾ, ਹੋਰ ਉੱਚਾ, ਹੋਰ ਉੱਚਾ ਜਾਈ ਜਾਂਦਾ ਹੈ ਤੇ ਆਖਰ ਦਿੱਸਣੋਂ ਹਟ ਜਾਂਦਾ ਹੈ।
ਕੋਈ ਵੀ ਚੰਗੀ ਕਿਤਾਬ ਇਸ ਤਰ੍ਹਾਂ ਨਾਲ ਸ਼ੁਰੂ ਹੋਣੀ ਚਾਹੀਦੀ ਹੈ, ਬਿਨਾਂ ਲੰਮੀਆਂ-ਚੌੜੀਆਂ ਤੇ ਅਕਾਵੀਆਂ ਭੂਮਿਕਾਵਾਂ ਦੇ । ਜੇ ਤੁਸੀਂ ਸਾਨ੍ਹ ਨੂੰ ਸਿੰਗਾਂ ਤੋਂ ਫੜਣ ਵਿਚ ਸਫਲ ਨਹੀਂ ਹੁੰਦੇ ਜਦੋਂ ਇਹ ਤੁਹਾਡੇ ਕੋਲ ਦੀ ਦੌੜਦਾ ਲੰਘ ਰਿਹਾ ਹੁੰਦਾ ਹੈ, ਤਾਂ ਤੁਸੀਂ ਇਸਨੂੰ ਪੂਛ ਤੋਂ ਵੀ ਫੜਕੇ ਰੋਕਣ ਦੇ ਸਮਰੱਥ ਨਹੀਂ ਹੋਣ ਲੱਗੇ।