ਨਿਰਲੇਪ ਨੂੰ ਪੜ੍ਹਦਿਆਂ ਇੰਜ ਲੱਗਿਆ ਕਿ ਉਹ ਕਿਸੇ ਜਨਮ ਵਿੱਚ ਜ਼ਰੂਰ ਕੋਈ ਰਿਸ਼ੀ-ਮੁਨੀ ਰਿਹਾ ਹੋਵੇਗਾ। ਪਤਾ ਨਹੀਂ ਇਹ ਕੋਈ ਉਸਦਾ ਉਦੋਂ ਦਾ ਅਧੂਰਾ ਰਹਿ ਗਿਆ ਤਪ ਹੈ ਜਾਂ ਉਸ ਦੇ ਹਿੱਸੇ ਆਇਆ ਕੋਈ ਵਰ ਜਾਂ ਸਰਾਪ ਜੋ ਉਹ ਕੁਦਰਤ ਦੀ ਹਰੇਕ ਸ਼ੈਅ ਨੂੰ ਐਨੀ ਡੂੰਘੀ ਸੰਵੇਦਨਾ ਨਾਲ ਮਹਿਸੂਸ ਕਰ ਸਕਦਾ ਹੈ । ਉਹ ਆਪ ਹੀ ਕਹਿੰਦਾ ਹੈ ਕਿ ਦੁਨੀਆ ਵੇਖਣ ਦੇ ਕਈ ਤਰੀਕੇ ਨੇ... ਕੁਝ ਲੋਕ ਅੱਖਾਂ ਨਾਲ, ਕੁਝ ਕੰਨਾਂ ਨਾਲ ,ਕੁਝ ਜੀਭ ਨਾਲ ਤੇ ਕੁਝ ਪੈਰਾਂ ਨਾਲ ਦੁਨੀਆ ਵੇਖਦੇ ਹਨ ਪਰ ਨਿਰਲੇਪ ਦੇ ਪੰਜੇ ਗਿਆਨ ਇੰਦਰੇ ਕੁਦਰਤ ਵਿੱਚ ਜਿਉਂਦੀਆਂ ਧੜਕਣਾਂ, ਵਗਦੀਆਂ ਹਵਾਵਾਂ ਦੇ ਰਾਗ,ਬਰਫ਼ ਦੀ ਹਿੱਕ ਪਿੱਛੇ ਲੁਕੀਆਂ ਨਦੀਆਂ ਦੇ ਰਹੱਸ, ਉਦਾਸੇ ਘਾਹ ਦੀਆਂ ਭਾਵਨਾਵਾਂ, ਸ਼ਾਂਤ ਝੀਲਾਂ ਦੇ ਸੀਨਿਆਂ ਵਿਚ ਪਏ ਨਗਮਿਆਂ ਨੂੰ ਸੁਣਨ,ਵੇਖਣ,ਸਮਝਣ ਤੇ ਫਿਰ ਉਹਨਾਂ ਨੂੰ ਆਪਣੇ ਅੰਦਰ ਸਮੋਣ ਲਈ ਕਿਸੇ ਡੂੰਘੀ ਇਕਾਗਰਤਾ ਨਾਲ ਕੰਮ ਕਰਦੇ ਹਨ। ਉਹ ਸੈਰ ਕਰਨ ਗਿਆ ਸਾਧਨਾ ਕਰ ਆਉਂਦਾ ਹੈ। ਪਿੰਡ ਦੀ ਵੱਖੀ ਵਿੱਚ ਵਗਦਾ ਸੂਆ ਹੀ ਉਸ ਦੇ ਜਾਪ ਦਾ ਸਾਧਨ ਬਣ ਜਾਂਦਾ ਹੈ। ਇਸ ਜਾਪ ਵਿੱਚ ਪਏ ਦਾ ਉਸ ਦਾ ਅੰਦਰ ਕਦ ਕਿਰਸਾਣੀ ਪੀੜ ਨਾਲ ਵਹਿ ਤੁਰਦਾ ਹੈ ਉਸ ਨੂੰ ਪਤਾ ਹੀ ਨਹੀਂ ਲਗਦਾ। ਉਹ ਸੈਰ ਤੇ ਤੁਰਦਾ ਤਾਂ ਤਸ਼ਬੀਹਾਂ ਕੁਝ ਹੋਰ ਹੁੰਦੀਆਂ ਨੇ ਤੇ ਜਦੋਂ ਉਹ ਪਰਤਦਾ ਹੈ ਬਿੰਬ ਉਲਟ ਜਾਂਦੇ ਹਨ। ਚੰਦਰਤਾਲ ਦੀ ਯਾਤਰਾ ਕਿਸੇ ਫਾਹੀਯਾਨ ਜਾਂ ਮੈਗਸਥਨੀਜ ਦੇ ਆਸ਼ੇ ਨਾਲੋਂ ਘੱਟ ਨਹੀਂ ਹੈ। ਬਿਆਸ ਤੀਰਥਨ ਤੇ ਸੈਂਜ ਦੀ ਤ੍ਰਿਵੇਨੀ ਤੋ ਸ਼ੁਰੂ ਹੁੰਦਿਆਂ ਹੀ ਉਸ ਦੇ ਮੱਥੇ ਵਿੱਚ ਗਾਰਗੀ ਉੱਤਰ ਆਉਂਦਾ ਹੈ। ਬਾਤਲ ਦੇ ਨਕਸ਼ਾਂ ਵਿੱਚ ਤੈਰਦਿਆਂ ਉਸ ਨੂੰ Wailing Wall ਤੇ ਯਹੂਦੀਆਂ ਦੀ ਬੇਘਰੀ ਦਾ ਦਰਦ ਅੰਦਰੋ-ਅੰਦਰੀ ਵਿੰਨਦਾ ਹੈ। ਚੰਦਰਤਾਲ ਪਹੁੰਚ ਉਹ ਆਪਣੇ ਵਜੂਦ ਤੋਂ ਪਾਰ ਓਸ ਬ੍ਰਹਮ ਦੀ ਦੁਨੀਆ ਵਿੱਚ ਪਰਵੇਸ਼ ਕਰ ਜਾਂਦਾ ਹੈ ਜਿੱਥੇ ਪਹੁੰਚਣ ਲਈ ਕਈ ਮੱਥਿਆਂ ਨਾਲ ਤੁਰਨਾ ਪੈਂਦਾ ਹੈ। ਇਹਨਾਂ ਸਭਨਾਂ ਦੇ ਨਾਲ-ਨਾਲ ਉਸ ਅੰਦਰ ਨਾਨਕ ਦਾ ਡੂੰਘਾ ਚਿੰਤਨ, ਸਾਹਿਤ ਦੀ ਵਗਦੀ ਧਾਰਾ ਵਿੱਚੋਂ ਸੁਲਤਾਨ ਬਾਹੂ,ਪਾਤਰ ਅਤੇ ਨਵਤੇਜ ਭਾਰਤੀ ਵਰਗੇ ਅਨੇਕਾਂ ਅਹਿਮ ਦਾਰਸ਼ਨਿਕਾਂ ਦਾ ਤਿੱਖਾ ਵੇਗ ਹੈ। ਇਸ ਕਿਤਾਬ ਅੰਦਰਲੀ ਵਾਰਤਾ, ਕਾਵਿ ਤੇ ਚਿੱਤਰ ਕਿਸੇ ਰਿਸ਼ੀ ਦੀ ਸਾਧਨਾ ਚੋਂ ਉਪਜੇ ਵਾਕਾਂ ਵਰਗੇ ਨੇ ਜੋ ਧੁਰ ਅੰਦਰ ਤਾਈਂ ਲਹਿ ਜਾਂਦੇ ਹਨ।
Jaswinder Dharamkot