ਫ਼ਾਰਸੀ ਲੰਮੇ ਅਰਸੇ ਤਕ ਸ਼ਾਹੀ ਭਾਸ਼ਾ ਰਹੀ ਹੈ, ਜਿਸ ਨੂੰ ਰਾਜ ਭਾਸ਼ਾ ਜਾਂ ਸਰਕਾਰੀ ਕੰਮ ਕਾਰ ਦੀ ਭਾਸ਼ਾ ਵੀ ਆਖਿਆ ਜਾਂਦਾ ਹੈ। ਪੰਜਾਬ ਦੇ ਸੂਫ਼ੀ ਕਵੀਆਂ ਨੇ ਪੰਜਾਬੀ ਕਲਾਮ ਲਿਖਣ ਲਈ ਫ਼ਾਰਸੀ ਲਿੱਪੀ ਨੂੰ ਅਪਣਾਇਆ। ਪੰਜਾਬੀ ਬੋਲੀ ਲਈ ਅਪਣਾਈ ਗਈ ਇਸ ਫ਼ਾਰਸੀ ਲਿੱਪੀ ਨੂੰ ਸ਼ਾਹਮੁਖੀ ਆਖਿਆ ਗਿਆ। ਸ਼ਾਹਮੁਖੀ ਦਾ ਅਰਥ ਬਣਦਾ ਹੈ ਸ਼ਾਹ (ਰਾਜੇ) ਵੱਲ ਦੀ ਅਰਥਾਤ ਸ਼ਾਹੀ ਲਿੱਪੀ। ਗੁਰੂਆਂ/ ਗੁਰਮੁਖਾਂ ਦੁਆਰਾ ਪ੍ਰਚੱਲਿਤ ਲਿੱਪੀ ਦਾ ਨਾਮ ਗੁਰਮੁਖੀ ਪੈ ਗਿਆ, ਜਿਸ ਦਾ ਸੁਤੰਤਰ ਲਿਖਣ ਵਿਧਾਨ ਸੀ। ਦੋਵਾਂ ਲਿੱਪੀਆਂ ਚ ਪੰਜਾਬੀ ਲਿਖਣ ਦੀ ਰਵਾਇਤ ਸਮੁੱਚੇ ਮੱਧਕਾਲੀ ਵਿਚ ਅਤੇ ਆਧੁਨਿਕ ਕਾਲ ਚ ਦੇਸ਼ ਵੰਡ ਤਕ ਨਿਰੰਤਰ ਚਲਦੀ ਰਹੀ। ਪਰ ਪੰਜਾਬੀਆਂ ਨੂੰ ਇਸ ਦੂਹਰੇ ਸਿਸਟਮ ਵਿਚ ਕਦੇ ਵਧੇਰੇ ਸਮੱਸਿਆ ਨਹੀਂ ਆਈ। ਕਿਉਂਕਿ ਉਰਦੂ ਅਤੇ ਪੰਜਾਬੀ ਦੀ ਪੜ੍ਹਾਈ ਪ੍ਰਚੱਲਿਤ ਹੋਣ ਕਾਰਨ ਸਾਰੇ ਪੰਜਾਬੀ ਦੋਵਾਂ ਭਾਸ਼ਾਵਾਂ ਨੂੰ ਵੀ ਸਮਝ ਲੈਂਦੇ ਸਨ ਅਤੇ ਦੋਵਾਂ ਨੂੰ ਪੜ੍ਹ ਲਿਖ ਲੈਂਦੇ ਸਨ।
ਦੇਸ਼ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਚ ਉਰਦੂ ਦੀ ਪੜ੍ਹਾਈ ਬੰਦ ਹੋ ਗਈ ਅਤੇ ਲਹਿੰਦੇ ਪੰਜਾਬ ਵਿਚ ਗੁਰਮੁਖੀ ਵਾਲੀ ਪੰਜਾਬੀ ਦੀ। ਇਸ ਕਰਕੇ ਦੋਵਾਂ ਲਿੱਪੀਆਂ ਚ ਖੱਪਾ ਪੈ ਗਿਆ। ਦੋਵੇਂ ਲਿੱਪੀਆਂ ਜਾਨਣ ਵਾਲੀ ਪੀੜ੍ਹੀ ਦੋਵੇਂ ਪੰਜਾਬਾਂ ਚੋਂ ਹੌਲੀ ਹੌਲੀ ਖਤਮ ਹੁੰਦੀ ਗਈ ਤੇ ਨਵੀਂ ਪੀੜ੍ਹੀ ਦੂਜੇ ਪਾਸੇ ਦੀ ਲਿੱਪੀ ਤੋਂ ਅਸਲੋਂ ਅਣਜਾਣ ਸੀ। ਇੰਜ ਲਿੱਪੀਆਂ ਦਾ ਇਹ ਖੱਪਾ ਨਿਰੰਤਰ ਵਧਦਾ ਵਧਦਾ ਏਥੋਂ ਤਕ ਪੁੱਜ ਗਿਆ ਹੈ ਕਿ ਏਧਰਲੇ ਓਧਰਲਿਆਂ ਦਾ ਲਿਖਿਆ ਨਹੀਂ ਪੜ੍ਹ ਸਕਦੇ ਅਤੇ ਓਧਰਲੇ ਏਧਰਲਿਆਂ ਦਾ ਲਿਖਿਆ। ਇਸ ਦਾ ਨੁਕਸਾਨ ਦੋਵਾਂ ਪਾਸਿਆਂ ਦੇ ਪੰਜਾਬੀਆਂ ਨੂੰ ਹੋ ਰਿਹਾ ਹੈ।