ਕੁਆਂਟਮ ਵਿਗਿਆਨ ਇਤਿਹਾਸ ਦੀ ਸਭ ਤੋਂ ਲੰਬੀ ਚੱਲੀ ਰਿਸਰਚ ਹੈ। ਇਸ ਨੇ ਨਵਾਂ ਬ੍ਰਹਿਮੰਡ ਵਿਗਿਆਨ ਦੇ ਸਨਮੁੱਖ ਰੱਖਿਆ। ਇਹ ਐਟਮ ਅੰਦਰਲਾ ਸੂਖਮ ਬ੍ਰਹਿਮੰਡ ਹੈ ਤੇ ਮਨੁੱਖੀ ਅੱਖ ਤੋਂ ਸਦਾ ਓਹਲੇ ਹੀ ਰਹੇਗਾ। ਇੱਥੇ ਨਿਊਟਨ ਸਕੂਲ ਦੇ ਕਲਾਸੀਕਲ ਲਾਅ ਬੇਅਸਰ ਨੇ। ਅਨਿਸ਼ਚਿਤਤਾ ਇਸ ਬ੍ਰਹਿਮੰਡ ਦੀ ਪਹਿਰੇਦਾਰ ਹੈ। ਅਨਿਸ਼ਚਿਤਤਾ ਇਸ ਕਰਕੇ ਨਹੀਂ ਕਿ ਜਾਣਨਾ ਸੰਭਵ ਨਹੀਂ, ਇਸ ਕਰਕੇ ਹੈ ਕਿ ਜਾਣਿਆ ਹੀ ਨਹੀਂ ਜਾ ਸਕਦਾ। ਅਨਿਸ਼ਚਿਤਤਾ ਐਟਮ ਅੰਦਰਲੇ ਪਾਰਟੀਕਲਾਂ ਦੀ ਮੂਲ ਬਣਤਰ ਅਤੇ ਬਣਾਵਟ ਦਾ ਅਹਿਮ ਹਿੱਸਾ ਹੈ।ਕੁਆਂਟਮ ਫੋਟੋਨ ਤੋਂ ਸ਼ੁਰੂ ਹੋ ਐਟਮ ਤੇ ਇਲੈਕਟ੍ਰਾਨ ਚੋ ਹੁੰਦੇ ਹੋਏ ਸਾਰੇ ਬੁਨਿਆਦੀ ਪਾਰਟੀਕਲਾਂ ਤੱਕ ਪਹੁੰਚ ਕਰਦੀ ਹੈ। ਵਿਗਿਆਨ ਪੂਰੀ ਤਰ੍ਹਾਂ ਤਬਦੀਲ ਹੋ ਗਿਆ। ਪਾਰਟੀਕਲਾਂ ਦੀ ਗਤੀ ਵਾਸਤੇ ਨਵੀਂ ਮਕੈਨਿਕਸ ਹਾਜ਼ਰ ਹੈ। ਸ਼ਰੌਡਿੰਗਰ ਦੀ ਵੇਵ ਇਕੂਏਸ਼ਨ ਇਸ ਮਕੈਨਿਕਸ ਦਾ ਕੇਂਦਰੀ ਪੁਆਇੰਟ ਹੈ ਜੋ ਪਾਰਟੀਕਲ ਦਾ ਇੱਕ ਵੇਵ ਫੰਕਸ਼ਨ ਪਰਿਭਾਸ਼ਤ ਕਰਦੀ ਹੈ। ਅਗੇ ਜਾ ਕੁਆਂਟਮ ਟਨਲਿੰਗ, ਸੁਪਰਪੋਜ਼ੀਸ਼ਨ, ਇੰਟੈਂਗਲਮੈਂਟ, ਅਨਸਰਟੈਨੀਟੀ ਜਿਹੇ ਫ਼ੀਚਰ ਪੇਸ਼ ਹੁੰਦੇ ਨੇ ਜੋ ਯੋਗੀ ਪੈਮਾਨੇ ਤੋਂ ਪੁਖ਼ਤਾ ਨੇ ਪਰ ਅਸਚਰਜ ਭਰਭੂਰ ਤੇ ਹੈਰਾਨੀਜਨਕ ਨੇ। ਮਨੁੱਖਤਾ ਨਾਲ਼ ਜੁੜੇ ਅਹਿਮ ਖੇਤਰਾਂ ਵਿੱਚ ਕੁਆਂਟਮ ਟੈਕਨੋਲੋਜੀ ਪਸਾਰ ਕਰ ਗਈ ਹੈ। ਉਹ ਕੁਝ ਖੇਤਰ ਨੇ ਪਦਾਰਥ, ਰਸਾਇਣ,ਫਾਰਮੇਸੀ,ਖੇਤੀਬਾੜੀ,ਕੰਪਿਊਟਿੰਗ ਆਦਿ।ਅੱਜ ਦੇ ਯੁੱਗ ਦੀ ਕਟਿੰਗ-ਐਜ਼ ਟੈਕਨੋਲੋਜੀ ਕੁਆਂਟਮ ਸਿਧਾਂਤ ਤੇ ਆਧਾਰਿਤ ਹੈ। ਇਲੈਕਟ੍ਰੋਨਿਕਸ, ਸੁਰੱਖਿਅਤ ਕਰਿਪਟੋਗ੍ਰਾਫੀ, ਕੁਆਂਟਮ ਕੰਪਿਊਟਿੰਗ, ਸਾਈਬਰ ਸਪੇਸ, ਨੈਨੋ ਟੈਕਨੋਲੋਜੀ, ਆਰਟੀਫ਼ਿਸ਼ਲ ਇੰਟੈਲੀਜੈਂਸ, ਬੈਂਡ ਸਟਰਕਚਰ, ਸੈਮੀਕੰਡਕਟਰ, ਲੇਜ਼ਰ, ਟੈਲੀਕੰਮੁਨੀਕੇਸ਼ਨ, ਫਾਈਬਰ ਆਪਟਿਕਸ, ਸਪੇਸ ਵੈਂਚਰਜ਼ - ਸਭ ਕੁਆਂਟਮ ਦੀ ਹੀ ਦੇਣ ਨੇ।