ਬੜੇ ਚਿਰਾਂ ਤੋਂ ਇੱਛਾ ਸੀ ਕਿ ਵਿਗਿਆਨ ਬਾਰੇ ਕੋਈ ਕਿਤਾਬ ਹੋਵੇ, ਜਿਹੜੀ ਆਪਣੀ ਬੋਲੀ ਵਿੱਚ ਤਾਂ ਹੋਵੇ ਈ, ਨਾਲ਼ੇ ਰੋਹਬ ਜਿਹਾ ਨਾ ਪਾਉਂਦੀ ਹੋਵੇ, ਵਿਗਿਆਨੀ ਕੋਈ ਐਂ ਪੇਸ਼ ਨਾ ਕਰੇ ਜਿਵੇਂ ਉਹ ਕੋਈ ਅਥਾਰਟੀ ਜਾਂ ਨਵੀਂ ਸੱਤਾ ਹੋਣ। ਕੋਈ ਅਜਿਹੀ ਕਿਤਾਬ ਜਿਹੜੀ ਸਿਰਫ਼ ਜਾਣਕਾਰੀ ਹੀ ਨਾ ਦੇਵੇ, ਸਗੋਂ ਵਿਗਿਆਨ ਦੇ ਪਿਆਰ ’ਚੋਂ ਨਿਕਲੀ ਹੋਵੇ। ਮਨਦੀਪ ਦੀ ਇਹ ਕਿਤਾਬ ਕੁਝ ਅਜਿਹੀ ਹੀ ਕਿਤਾਬ ਹੈ, ਸਾਦਮੁਰਾਦੀ ਪਾਣੀ ਵਰਗੀ ਬੋਲੀ ਜਿਸ ਵਿੱਚ ਵਿਚਾਰਾਂ ਦੀ ਡੂੰਘਾਈ ਤਾਂ ਹੈ ਹੀ ਨਾਲ਼ ਹੀ ਵੇਗ ਵੀ ਹੈ, ਨਾਲ਼ ਰੋੜ੍ਹ ਕੇ ਲੈ ਜਾਣ ਵਾਲ਼ਾ। ਨਿਊਟਨ ਇੱਥੇ ਲਮਕਵੇਂ ਉਦਾਸ ਚਿਹਰੇ ਵਾਲ਼ਾ ਬੋਝਲ ਬੰਦਾ ਨਹੀਂ ਹੈ, ਉਹ ਜੋਨ ਡੰਨ ਦੀ ਕਵਿਤਾ ਵੀ ਮਾਣਦਾ ਹੈ, ਪੰਛੀਆਂ ਤੇ ਸਮੁੰਦਰੀ ਜਹਾਜ਼ਾਂ ਦੇ ਚਿੱਤਰ ਵੀ ਬਣਾਉਂਦਾ ਹੈ। ਉਹ ਅਰਸਤੂ ਤੇ ਪਲੈਟੋ ਨਾਲ਼ੋਂ ਵੱਧ ਪਿਆਰ ਸੱਚ ਨੂੰ ਕਰਦਾ ਹੈ, ਪਰ ਉਹ ਅਵਤਾਰੀ ਪੁਰਖ ਨਹੀਂ ਹੈ, ਸਦਾ ਵਾਂਗ ਮਨੁੱਖੀ ਕਮਜ਼ੋਰੀਆਂ ਨਾਲ਼ ਲੈ ਕੇ ਚੱਲਦਾ ਹੈ।
ਬੇਸ਼ੱਕ ਇਹ ਕਿਤਾਬ ਤੁਹਾਨੂੰ ਉਨ੍ਹਾਂ ਸਾਰੀਆਂ ਖੋਜ-ਯਾਤਰਾਵਾਂ ’ਤੇ ਲੈ ਹੀ ਜਾਵੇਗੀ, ਜਾਣਕਾਰੀਆਂ ਦੇ ਸੰਸਾਰ ਵਿੱਚ, ਯਾਤਰਾ ਦਾ ਸਵਾਦ ਤਾਂ ਨਕਸ਼ੇ ਉੱਤੇ ਨਹੀਂ ਆ ਸਕਦਾ, ਉਸਦੇ ਲਈ ਤਾਂ ਕਿਤਾਬ ਅੰਦਰ ਉਤਰਨਾ ਪਵੇਗਾ। ਪਰ ਕੁਝ ਝਲਕੀਆਂ ਦੇਣ ਦਾ ਵੀ ਆਪਣਾ ਹੀ ਲੋਭ ਹੁੰਦਾ ਹੈ, ਨਹੀਂ! ਮਨਦੀਪ ਜਦੋਂ ਦੋ ਵਾਰ ਨੋਬਲ ਇਨਾਮ ਜਿੱਤਣ ਵਾਲੀ ਮੇਰੀ ਕਿਊਰੀ ਦੀ ਗੱਲ ਕਰਦਾ ਹੈ, ਉਸਦੀਆਂ ਖੋਜਾਂ ਦੀ, ਮਰਦਾਂ ਦੀ ਦੁਨੀਆ ਦੇ ਖੁਰਦਰੇਪਣ ਦੇ ਬਾਵਜੂਦ ਉਸਦੇ ਅੱਗੇ ਵਧਣ ਦੀ, ਉਹ ਸਭ ਖ਼ੂਬ ਹੈ, ਪਰ ਦਿਲ ਉਦੋਂ ਭਿੱਜਦਾ ਹੈ, ਜਦੋਂ ਕਿਤਾਬ ਦੱਸਦੀ ਹੈ ਕਿ ਮੇਰੀ ਪਹਿਲਾ ਪਿਆਰ ਹਾਰ ਗਈ, ਉਸਦਾ ਵੀ ਦਿਲ ਟੁੱਟਿਆ! ਦਿਲ ਕੂਕਦਾ ਹੈ: “ਹਾਏ ਰੱਬਾ! ਉਹ ਤੇ ਸਾਡੇ ਵਰਗੀ ਹੀ ਹੈ!”
ਮੇਰਾ ਇਹ ਮਤਲਬ ਹਰਗਿਜ਼ ਨਹੀਂ ਕਿ ਇੱਥੇ ਵਿਗਿਆਨ ਲਈ ਲੋੜੀਂਦੀ ਗੰਭੀਰਤਾ ਨਹੀਂ ਹੈ, ਜਾਂ ਕਿਤਾਬ ਖੋਜ ਦੇ ਡੂੰਘੇ ਵਲ਼ੇਵੇਂਦਾਰ ਰਾਹਾਂ ’ਚੋਂ ਨਹੀਂ ਲੰਘਦੀ, ਕਿਤਾਬ ਵਿੱਚ ਸਪੇਸ ਦੇ ਅਦਿਸਦੇ ਪਿੰਡੇ ਉੱਤੇ ਸੱਟ ਮਾਰਦਾ ਤੇ ਸਮੇਂ ਨੂੰ ਡੱਕਦਾ ਆਈਨਸਟਾਈਨ ਬਕਾਇਦਾ ਮੌਜੂਦ ਹੈ।
- Balram