47 ਵਿੱਚ ਮੁਲਕ ਦੋ ਟੋਟੇ ਹੋ ਗਿਆ, ਸਰਹੱਦਾਂ ਉੱਸਰ ਗਈਆਂ, ਭੋਇੰ ’ਤੇ ਲੀਕਾਂ ਵਾਹ ਦਿੱਤੀਆਂ ਗਈਆਂ। ਅਸਲ ਵਿੱਚ ਇਹ ਲੀਕਾਂ ਲੋਕਾਈ ਦੇ ਦਿਲਾਂ ਤੇ ਗੱਡੇ ਕਿੱਲ ਵਾਂਗ ਖੁੱਭੀਆਂ ਸਨ। ਸਿਆਸਤਦਾਨਾਂ ਨੇ ਆਪਣੀ ‘ਕਲਾ’ ਦੇ ਪੂਰੇ ਜੌਹਰ ਵਿਖਾਏ। ਕਈ ਕਿਸਮ ਦੀਆਂ ਪਾਬੰਦੀਆਂ ਰਹੀਆਂ ਤੇ ਹੁਣ ਵੀ ਜਾਰੀ ਨੇ। ਪਰ ਕਹਿੰਦੇ ਨੇ ਕਿ ਮੁਹੱਬਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਨੇ ਤੇ ਏਸੇ ਮੁਹੱਬਤ ਸਦਕਾ ਦੋਹਾਂ ਪਾਸਿਆਂ ਦੀ ਆਵਾਮ ਨੇ ਮੁਹੱਬਤੀ ਤੰਦਾਂ ਨੂੰ ਟੁੱਟਣ ਨਾ ਦਿੱਤਾ। ਇਹਨਾਂ ਮੁਹੱਬਤੀ ਤੰਦਾਂ ਵਿੱਚੋਂ ਇੱਕ ਤੰਦ ਸ਼ਹੀਦ ਭਗਤ ਸਿੰਘ ਨਾਲ ਜੁੜੀ ਹੋਈ ਹੈ। ਅਤੇ ਏਸ ਵਾਰ ਏਸ ਤੰਦ ਦੀ ਬਾਤ ਪੰਜਾਬੀ ਅਦਬ ਦੇ ਸ਼ਾਹ ਅਸਵਾਰ ਜਨਾਬ ਮੁਸਤਨਸਰ ਹੁਸੈਨ ਤਾਰੜ ਹੋਰਾਂ ਨੇ “ਮੈਂ ਭੰਨਾਂ ਦਿੱਲੀ ਦੇ ਕਿੰਗਰੇ” ਰਾਹੀਂ ਪਾਈ ਹੈ। ਇਸ ਦੇ ਨਾਲ-ਨਾਲ ਉਹਨਾਂ ਇੱਕ ਸਵਾਲ ਪੰਜਾਬੀ ਰਹਿਤਲ ਦੇ ਸਾਹਮਣੇ ਰੱਖਿਆ ਹੈ ਜਿਸਦਾ ਸਿੱਧਾ ਸੰਬੰਧ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਨਾਲ-ਨਾਲ ਵੰਡ ਵੇਲੇ ਆਪਣੇ ਘਰਾਂ-ਮਕਾਨਾਂ, ਜ਼ਮੀਨਾਂ-ਜਾਇਦਾਦਾਂ ਤੇ ਮਾਲ-ਡੰਗਰ ਤੋਂ ਵੱਖ ਹੋਈ ਖਲਕਤ ਦੇ ਉਜਾੜੇ ਨਾਲ ਹੈ। ਜਨਾਬ ਤਾਰੜ ਹੋਰੀਂ ਏਸ ਸਵਾਲ ਨੂੰ ਭਗਤ ਸਿੰਘ ਦੇ ਰਾਹੀਂ ਮੁਖਾਤਬ ਹੁੰਦੇ ਹਨ।
ਮੁਖਤਸਰ ਗੱਲ ਇਹ ਹੈ ਕਿ ਏਸ ਨਾਵਲ ਵਿੱਚ ਭਗਤ ਸਿੰਘ ਆਪਣੀ ਸ਼ਹਾਦਤ ਤੋਂ ਸੌ ਸਾਲ ਬਾਅਦ ਮੁੜ ਆਪਣੀ ਜੰਮਣ ਭੋਇੰ ’ਤੇ ਇੱਕ ਦਿਨ ਲਈ ਫੇਰਾ ਮਾਰਦਾ ਹੈ। ਇਹ ਸੁਫ਼ਨਾ ਹਰ ਇੱਕ ਪੰਜਾਬੀ ਦਾ ਹੋ ਸਕਦਾ ਹੈ ਕਿ ਉਹ ਮੁੜ ਆਪਣੀ ਜੰਮਣ ਭੋਇੰ ’ਤੇ ਇੱਕ ਵਾਰ ਫੇਰਾ ਮਾਰੇ। ਭਾਵੇਂ ਇਸ ਗੱਲ ਨੂੰ ਕਿੰਨੇ ਸਾਲ ਵੀ ਕਿਓਂ ਨਾ ਬੀਤ ਗਏ ਹੋਣ। ਇੱਥੇ ਗੱਲ ਪੰਜਾਬੀ ਦੀ ਹੋ ਰਹੀ ਹੈ ਹਿੰਦੁਸਤਾਨੀ ਜਾਂ ਪਾਕਿਸਤਾਨੀ ਦੀ ਨਹੀਂ। ਵੰਡ ਦਾ ਜਿੰਨਾ ਦਰਦ ਪੰਜਾਬੀਆਂ ਤੇ ਬੰਗਾਲੀਆਂ ਨੇ ਝੱਲਿਆ, ਓਨਾ ਸ਼ਾਇਦ ਕਿਸੇ ਨੇ ਆਪਣੇ ਪਿੰਡੇ ਤੇ ਨਹੀਂ ਜ਼ਰਿਆ। ਸੋ, ਆਪਣੀ ਜੰਮਣ ਭੋਇੰ ਤੇ ਗੇੜਾ ਮਾਰਨਾ, ਆਪਣੇ ਪੁਰਾਣੇ ਤੇ ਜੱਦੀ ਘਰਾਂ ਨੂੰ ਵੇਖਣਾ-ਮਹਿਸੂਸਣਾ, ਆਪਣੇ ਬੀਤ ਚੁੱਕੇ ਨੂੰ ਯਾਦ ਕਰਨ ਦਾ ਹੀ ਇੱਕ ਢੰਗ ਹੈ।
ਜਨਾਬ ਤਾਰੜ ਹੋਰਾਂ ਦੇ ਏਸ ਨਾਵਲ ਦੀ ਬੋਲੀ ਆਮ ਬੋਲਚਾਲ ਦੀ ਬੋਲੀ ਹੈ। ਉਹਨਾਂ ਨਾਵਲ ਨੂੰ ਕਾਵਿਕ ਰੰਗਤ ਵੀ ਦਿੱਤੀ ਹੈ, ਨਾਲ ਦੀ ਨਾਲ ਭਗਤ ਸਿੰਘ ਨਾਲ ਜੁੜੇ ਬਹੁਤ ਸਾਰੇ ਅਹਿਮ ਤੇ ਸੂਖਮ ਨੁਕਤਿਆਂ ਦੀ ਦੱਸ ਪਾਈ ਹੈ। ਚਾਹੇ ਉਹ ਬਰੈਡਲੇ ਹਾਲ ਦੀ ਹੋਵੇ, ਜਲ੍ਹਿਆਂਵਾਲੇ ਬਾਗ਼ ਦੀ ਜਾਂ ਫੇਰ ਡੀਏਵੀ ਕਾਲਜ ਲਾਹੌਰ ਦੀ ਜਾਂ ਫੇਰ ਗੋਰੇ ਅਫ਼ਸਰ ਦੇ ਕਤਲ ਤੋਂ ਬਾਅਦ ਲਾਹੌਰ ਨੂੰ ਛੱਡਣ ਦੀ ਹੋਵੇ ਜਾਂ ਮਾਈ ਹਨੇਰੀ ਦੀ ਜਾਂ ਫੇਰ ਦੀਨੇ ਕਸਾਈ ਵੱਲੋਂ ਭਗਤ ਸਿੰਘ ਹੋਰਾਂ ਦੇ ਡੱਕਰੇ ਕਰਨ ਦੀ। ਜਨਾਬ ਤਾਰੜ ਹੋਰਾਂ ਜਿੱਥੇ ਓਸ ਵੇਲੇ ਦੀਆਂ ਤਤਕਾਲੀ ਸਮਾਜ-ਸਭਿਆਚਰਕ ਪ੍ਰਸਥਿਤੀਆਂ ਅਤੇ ਰਾਜਨੀਤਿਕ ਕੁਹਜ ਨੂੰ ਉਘਾੜਿਆ, ਉਠੇ ਲਾਹੌਰ ਸ਼ਹਿਰ ਦੀ ਤਸਵੀਰਕਸ਼ੀ ਕੀਤੀ ਤੇ ਇਸ ਨੂੰ ਸਾਡੇ ਸਾਹਮਣੇ ਸਾਕਾਰ ਰੂਪ ਵਿੱਚ ਪੇਸ਼ ਕੀਤਾ ਹੈ।
- ਲਿਪੀਅੰਤਰਕਾਰ