ਲੋਕ ਸਾਹਿਤ ਦੇ ਕਿਸੇ ਵੀ ਰੂਪ ਨੂੰ ਲੱਭਣ, ਇਕੱਤਰ ਕਰਨ, ਸਾਂਭਣ ਤੇ ਫਿਰ ਪ੍ਰਕਾਸ਼ਨਾ ਤੀਕ ਲੈਕੇ ਆਉਣ ਦੀ ਸ਼ਿੱਦਤ ਤੇ ਪ੍ਰਕਿਰਿਆ ਆਪਣੇ ਆਪ ਵਿੱਚ ਉਚੇਰੇ ਅਦਬੀ ਅਰਥ ਰੱਖਦੀ ਹੈ।
ਸੁਖਮੀਤ ਨੇ ਇਹ ਬਹੁਮੁੱਲਾ ਲੋਕਧਨ ਇਕੱਤਰ ਕਰ ਕੇ, ਉੱਚਿਤ ਕ੍ਰਮ ਅਨੁਸਾਰ ਸੰਗ੍ਰਹਿਤ ਕਰਕੇ ਲੋਕਧਾਰਾਈ ਨਿਸ਼ਠਾ ਤਹਿਤ ਬਹੁਤ ਮੁੱਲਵਾਨ ਕਾਰਜ ਕੀਤਾ ਹੈ। ਇਸ ਭਰ ਵਗਦੇ ਲੋਕਧਾਰਾਈ ਦਰਿਆ ਵਿੱਚੋਂ ਆਪਣੀ ਤੌਫੀਕ਼ ਮੂਜਬ ਨੀਰ ਹਾਸਿਲ ਕਰਦਿਆਂ ਹਰ ਪੰਜਾਬੀ ਦੀ ਕਲਪਨਾ ਤੇ ਉਮੰਗ ਬਹੁਰੰਗੇ, ਬਹੁਵੰਨੇ ਅਨੁਭਵਾਂ, ਅਹਿਸਾਸਾਂ ਵਿੱਚੋਂ ਗੁਜ਼ਰਦੀ ਹੈ। ਕਿਧਰੇ ਉਹ ਪੰਜਾਬੀ ਮਨ ਦੀ ਸ਼ਾਹੀ ਉਡਾਨ ਸੰਗ ਬਰ ਮੇਚਦੀ ਹੈ ਤੇ ਕਿਧਰੇ ਬਹੁਪਰਤੀ ਮਜਬੂਰੀਆਂ ਸੰਗ ਆਤਮਸਾਤ ਕਰਦੀ ਹੈ।ਇਹ ਲੋਕਗੀਤ ਪੰਜਾਬੀ ਮਨਾਂ ਵਿੱਚ ਪ੍ਰਵਾਹਿਤ ਲਾਡਾਂ, ਪਿਆਰਾਂ, ਦਰਦਾਂ, ਕਸਕਾਂ, ਚਾਅਵਾਂ, ਖੇੜਿਆਂ, ਖਿੱਚਾਂ ਦੇ ਨਾਲ ਨਾਲ ਸੁਪਨਈ ਵਿਸ਼ਾਲਤਾਵਾਂ, ਰਿਸ਼ਤਾਗਤ ਤਨਾਉਸ਼ੀਲਤਾਵਾਂ, ਸਮਾਜ ਅਵਚੇਤਨੀ ਜਟਿਲਤਾਵਾਂ ਸੰਗ ਸਾਡੀ ਸਹਿਵਨ ਹੀ ਕੜਿੰਗਲੀ ਪੁਆ ਦਿੰਦੇ ਹਨ। ਅਹਿਮ, ਉਚੇਰਾ ਤੇ ਵਡੇਰਾ ਪੱਖ ਇਹਨਾਂ ਗੀਤਾਂ ਦੀ ਕਾਵਿ-ਅਮੀਰੀ ਹੈ। ਪ੍ਰਕਿਰਤੀਗਤ ਦ੍ਰਿਸ਼ਾਂ ਅਤੇ ਉੱਚਪਾਇ ਦੀ ਸ਼ਾਬਦਿਕ ਮੁਸੱਵਰੀ ਦੇ ਦੀਦਾਰ ਇਹਨਾਂ ਵਿੱਚੋਂ ਸਹਿਜੇ ਹੀ ਹੋ ਜਾਂਦੇ ਹਨ।
ਸੁਖਮੀਤ ਦੀ ਉਪਾਧੀ ਨਿਰਪੇਖ ਚੇਤਨਾ ਅਤੇ ਪ੍ਰੀਤੀ ਸ਼ੈਲੀ ਹੋਰਾਂ ਦੀ ਮੰਡੀ ਨਿਰਪੇਖ ਸੰਵੇਦਨਾ ਦਾ ਸੁਜੋੜ ਇਸ ਸਮੁੱਚੀ ਕਰਮਸ਼ੀਲਤਾ ਵਿੱਚ ਪੰਜਾਬੀ ਚੇਤਨਾ ਧਾਰਾ ਦੇ ਗਹਿਰੇ ਮਾਨਵੀ ਅਰਥ ਵੀ ਭਰ ਰਿਹਾ ਹੈ।
- ਡਾ. ਦੇਵਿੰਦਰ ਸੈਫ਼ੀ