ਪਾਕਿਸਤਾਨ ਇਸ ਗੱਲ 'ਤੇ ਬਣਿਆ ਸੀ ਕਿ ਮੁਸਲਮਾਨਾਂ ਲਈ ਇਕ ਵੱਖਰਾ ਦੇਸ ਹੋਏਗਾ। ਇਕ ਤਰ੍ਹਾਂ ਦੀ ਜੰਨਤ ਹੋਏਗੀ, ਜਿੱਥੇ ਉਹ ਹਿੰਦੂ ਰਜਵਾੜਾਸ਼ਾਹੀ ਤੋਂ ਆਜ਼ਾਦ ਹੋ ਕੇ, ਬੱਸ ਖ਼ੁਦਾ ਦੇ ਰੰਗ ਵਿਚ ਰੰਗੇ ਮੋਮਨ ਹੋਣਗੇ। ਮੈਂ ਇਕ ਵਾਰੀ ਬਾਈ ਦਿਲ ਮੁਹੰਮਦ ਨੂੰ ਪੁੱਛਿਆ ਕਿ ਬਾਈ ਜੀ, ਪਾਕਿਸਤਾਨ ਬਾਰੇ ਕਿਹਾ ਗਿਆ ਸੀ ਕਿ ਇਹ ਮੁਸਲਮਾਨਾਂ ਦੀ ਜੰਨਤ ਹੋਏਗਾ, ਕੀ ਇਹ ਸੱਚੀਂ ਜੰਨਤ ਐ ਮੁਸਲਮਾਨਾਂ ਲਈ? ਬਾਈ ਦਾ ਜਵਾਬ ਬੜਾ ਰੰਜ ਵਾਲਾ ਸੀ, ਇਸ ਮੁਲਕ ਵਿਚ 13 ਕਰੋੜ ਪੰਜਾਬੀ ਮੁਸਲਮਾਨ ਆਪਣੀ ਜ਼ੁਬਾਨ ਤੇ ਪਛਾਣ ਸਭ ਕੁੱਝ ਗੁਆ ਚੁੱਕੇ ਨੇ। ਅਸੀਂ ਆਪਣੇ ਪਿਉ, ਦਾਦਿਆਂ ਦੀ ਬੋਲੀ, ਬਾਬੇ ਫਰੀਦ, ਬਾਬੇ ਨਾਨਕ, ਬਾਬੇ ਬੁੱਲੇ ਦੀ ਪੰਜਾਬੀ ਤੋਂ ਹੱਥ ਧੋ ਬੈਠੇ ਆਂ। ਸਾਡੇ ਪੱਲੇ ਤਾਂ ਰਿਹਾ ਹੀ ਕੱਖ ਨੀ। ਜਿੱਥੇ ਪੰਜਾਬੀ ਬੋਲਣ, ਪੜ੍ਹਾਉਣ 'ਤੇ ਪਾਬੰਦੀ ਐ, ਜਿਸ ਧਰਤੀ 'ਤੇ ਕਰੋੜਾਂ ਬੰਦਿਆਂ ਕੋਲੋ ਉਨ੍ਹਾਂ ਦੀ ਜ਼ੁਬਾਨ ਹੀ ਖੋਹ ਲਈ ਗਈ ਐ, ਜੇਕਰ ਉਹ ਜੰਨਤ ਹੈ ਫਿਰ ਦੋਜਕ ਕਿੱਥੇ ਐ?” ਬਾਈ ਆਜ਼ਾਦੀ ਦੇ ਕਲੀਰਿਆਂ ਦੇ ਵੈਣ ਪਾਉਂਦਾ ਕਹਿ ਰਿਹਾ ਸੀ, “ਅਸੀਂ ਆਪਣਾ ਦਸ ਲੱਖ ਬੰਦਾ ਮਰਵਾ ਲਿਆ। ਕਰੋੜਾਂ ਨੂੰ ਆਪਣਾ ਦੇਸ਼ ਛੱਡਣਾ ਪਿਆ। ਹਜ਼ਾਰਾਂ ਤੀਵੀਂਆਂ ਨੂੰ ਆਪਣੀ ਪੱਤ ਗੁਆਣੀ ਪਈ। ਜੇ ਐਨਾ ਕਰਵਾ ਕੇ ਵੀ ਸਾਡੇ ਨਾਲ ਇਹੀ ਕੁੱਝ ਹੋਣਾ ਸੀ, ਫਿਰ ਤਾਂ ਉਸੇ ਮੁਲਕ ਵਿਚ ਹੀ ਚੰਗੇ ਸੀ। ਘੱਟੋ-ਘੱਟ ਇਹ ਸਾਰਾ ਕੁੱਝ ਤਾਂ ਨਾ ਦੇਖਣਾ ਪੈਂਦਾ।"
ਬਾਈ ਦਿਲ ਮੁਹੰਮਦ ਨੇ ਚੱਕ ਸਤਾਰਾਂ ਵਿਚ ਸਕੂਲ ਖੋਲ੍ਹਿਆ ਹੋਇਆ ਸੀ। ਬਾਈ ਉਥੇ ਨਿਆਣਿਆਂ ਨੂੰ ਪੰਜਾਬੀ ਪੜ੍ਹਾਉਂਦਾ ਸੀ। ਬਾਈ ਦੇ ਇਸ ‘ਦੋਸ਼’ ਬਦਲੇ ‘ਮੁਸਲਮਾਨਾਂ ਦੀ ਜੰਨਤ' ਵਿਚ ਸਿੱਖਿਆ ਮਹਿਕਮੇ ਨੇ ਮੁਕੱਦਮਾ ਚਲਾਇਆ ਕਿ ਉਹ ਪਾਕਿਸਤਾਨ ਦੀ ਸਲਾਮਤੀ ਵਿਰੁੱਧ ਕੰਮ ਕਰ ਰਿਹੈ। ਬਾਈ ਦਿਲ ਮੁਹੰਮਦ ਮੋਮਨਾਂ ਦੀ ਧਰਤੀ 'ਤੇ ਆਪਣੀ ਮਾਂ-ਬੋਲੀ ਲਈ ਲੜਨ ਵਾਲਾ ਬਹੁਤ ਵੱਡਾ ‘ਕਾਫ਼ਰ’ ਸੀ। ਅੱਜ ਪੰਜਾਬੀ ਨੂੰ ਬਾਈ ਦਿਲ ਮੁਹੰਮਦ ਵਰਗੇ ‘ਕਾਫ਼ਰਾਂ’ ਦੀ ਬਹੁਤ ਲੋੜ ਐ, ਜਿਹੜੇ ਸਾਡੀ ਪਛਾਣ ਨੂੰ ਤਬਾਹ ਕਰਨ ਵਾਲੇ ਮੋਮਨਾਂ (ਉਹ ਹਿੰਦੂ, ਮੁਸਲਮਾਨ, ਸਿੱਖ ਜਾਂ ਕੋਈ ਵੀ ਹੋਣ) ਸਾਹਮਣੇ, ਮਾਂ-ਬੋਲੀ ਦਾ ਝੰਡਾ ਖੜ੍ਹਾ ਕਰਕੇ, ਬੁੱਕ ਸਕਣ।
- ਮਨਜੀਤ ਸਿੰਘ ਰਾਜਪੁਰਾ