ਫਾਰਸੀ ਦੇ ਕਾਵਿ-ਜਗਤ ਵਿਚ ਕੁਝ ਮਕਬੂਲ-ਤਰੀਨ ਸ਼ਾਇਰ ਹੋਏ ਹਨ। ਜਿਨ੍ਹਾਂ ਨੇ ਆਪਣੀ ਕਾਵਿਕ ਸਿਰਜਣਾ ਰਾਹੀਂ ਵਿਸ਼ਵ ਦੀਆਂ ਹੋਰ ਸਾਹਿਤਕ ਧਾਰਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਫਿਰਦੌਸੀ, ਹਾਫ਼ਿਜ਼, ਮੌਲਾਨਾ ਰੂਮ, ਜਾਮੀ, ਸਾਅਦੀ, ਉਮਰ ਖਿਆਮ, ਮਿਰਜ਼ਾ ਅਬਦੁਲ ਕਾਦਿਰ ਬੇਦਿਲ ਦਿਹਲਵੀ ਅਤੇ ਅਮੀਰ ਖੁਸਰੋ ਆਦਿਕ ਇਸ ਫਹਿਰਿਸਤ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਨ। ਇਨਾਂ ਦੀ ਮਕਬੂਲੀਅਤ ਦਾ ਅੰਦਾਜਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਨਾਂ ਦੇ ਲੈਟਿਨ, ਫਰਾਂਸੀਸੀ ਅਤੇ ਅੰਗੇਰਜੀ ਭਾਸ਼ਾ ਵਿਚ ਅਨੁਵਾਦ ਪੰਦਰਵੀਂ ਸਦੀ ’ਚ ਹੋਣੇ ਸ਼ੁਰੂ ਹੋ ਚੁਕੇ ਸਨ। ਪੰਜਾਬੀ ਵਿਚ ਇਸ ਅਨੁਵਾਦ ਦੇ ਸਿਲਸਿਲੇ ਦਾ ਆਰੰਭ ਸੇਵਾਪੰਥੀਆ ਦੇ ਦੋ ਮਹਾਂਪੁਰਖ ਭਾਈ ਗਾੜੂ ਜੀ ਅਤੇ ਭਾਈ ਮੰਗੂ ਜੀ ਦੁਆਰਾ 19ਵੀਂ ਸਦੀ ਦੇ ਅੱਧ ’ਚ ਆਰੰਭ ਹੁੰਦਾ ਹੈ। ਜਿਸ ਵਿਚ ਭਾਈ ਗਾੜੂ ਜੀ ਵਲੋਂ ਇਮਾਮ ਅਲ ਗ਼ਜ਼ਾਲੀ ਦੀ ਪ੍ਰਸਿੱਧ ਰਚਨਾ ‘ਅਹੀਆ-ਉਲ-ਉਲੂਮ’ ਜੋ ਕਿ ਖੁਦ ਇਮਾਮ ਅਲ ਗ਼ਜ਼ਾਲੀ ਦੁਆਰਾ ਹੀ ਫਾਰਸੀ ’ਚ ‘ਕੀਮੀਆ-ਏ-ਸਆਦਤ’ ਦੇ ਸਿਰਲੇਖ ਹੇਠ ਅਨੁਵਾਦ ਕੀਤੀ ਗਈ, ਦਾ ‘ਪਾਰਸ ਭਾਗ’ ਸਿਰਲੇਖ ਹੇਠ ਅਨੁਵਾਦ ਕੀਤਾ ਜਾਂਦਾ ਹੈ। ਭਾਈ ਮੰਗੂ ਜੀ ਵਲੋਂ ਮੌਲਾਨਾ ਰੂਮ ਦੀ ਸ਼ਾਹਕਾਰ ਰਚਨਾ ਮਸਨਵੀ ਮਅਨਵੀ ਦੇ ਛੇ ਦਫਤਰਾਂ (ਭਾਗਾਂ) ਵਿਚੋਂ ਪਹਿਲੇ ਦਫਤਰ ਦਾ ਸੁਤੰਤਰ ਅਨੁਵਾਦ ‘ਮਸਨਵੀ ਭਾਖਾ’ ਦੇ ਰੂਪ ਵਿਚ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇਹ ਅਨੁਵਾਦ ਪ੍ਰਕਿਰਿਆ ਜਾਰੀ ਰਹਿੰਦੀ ਹੈ। ਇਸੇ ਹੀ ਧਾਰਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਜ਼ਫ਼ਰਨਾਮਾ ਅਤੇ ਭਾਈ ਨੰਦ ਲਾਲ ਗੋਇਆ ਮੁਲਤਾਨੀ ਦੀਆ ਰਚਨਾਵਾਂ ਦੀਵਾਨ-ਏ-ਗੋਇਆ ਅਤੇ ਜ਼ਿੰਦਗੀਨਾਮਾ ਦੇ ਅਨੁਵਾਦ ਪ੍ਰਾਪਤ ਹੁੰਦੇ ਹਨ। ਜੋ ਕਿ ਕ੍ਰਮਵਾਰ ਅਨੁਵਾਦਕ ਨਰੈਣ ਸਿੰਘ ਨਿਰਮਲੇ (1886), ਸਰੂਪ ਸਿੰਘ ਗਿਆਨੀ (1908), ਮੇਘਰਾਜ ਗਰੀਬ (1912), ਭਾਈ ਵੀਰ ਸਿੰਘ (1914), ਪ੍ਰਿੰ. ਗੰਗਾ ਸਿੰਘ ਤਰਨਤਾਰਨ (1934) ਆਦਿਕ ਦੁਆਰਾ ਅੰਕਿਤ ਕੀਤੀ ਗਈ ਸੰਨ ’ਚ ਕੀਤੇ ਗਏ ਸਨ। 1947 ਤੋਂ ਬਾਅਦ ਭਾਸ਼ਾ ਵਿਭਾਗ, ਪੰਜਾਬ; ਦੁਆਰਾ ਫਾਰਸੀ ਦੀਆ ਸ਼ਾਹਕਾਰ ਰਚਨਾਵਾਂ ਦੇ ਅਨੁਵਾਦ ਦਾ ਬੀੜਾ ਉਠਾਇਆ ਜਾਂਦਾ ਹੈ ਜਿਸ ਵਿਚ ਸ਼ਾਹਨਾਮਾ, ਗੁਲਿਸਤਾਂ-ਬੋਸਤਾਂ, ਮਸਨਵੀ ਆਦਿਕ ਦੇ ਉਲਥੇ ਕੀਤੇ ਗਏ ਅਤੇ ਇਸ ਉਪਰੰਤ, ਇਹ ਪ੍ਰਕਿਰਿਆ ਬਹੁਤ ਮੱਧਮ ਪੈ ਜਾਂਦੀ ਹੈ ਇਸ ਦੇ ਦੌਰਾਨ ਇਕੀਵੀਂ ਸਦੀ ’ਚ ਫਾਰਸੀ ਦੀਆਂ ਕੁਝ ਕਾਵਿਕ ਰਚਨਾਵਾਂ ਦੇ ਅਨੁਵਾਦ ਹੁੰਦੇ ਹਨ ਜੋ ਕਿ ਫਾਰਸੀ ਤੋਂ ਦੂਜੀਆਂ ਭਾਸ਼ਾਵਾਂ ਦੇ ਵਿਚ ਅਨੁਵਾਦ ਹੋਈਆ ਰਚਨਾਵਾਂ ਤੋਂ ਹੁੰਦੇ ਹਨ ਅਤੇ ਇਨ੍ਹਾਂ ਅਨੁਵਾਦਾਂ ਵਿਚ ਸੰਬੰਧਿਤ ਸ਼ਖਸੀਅਤਾਂ ਦੀਆ ਰਚਨਾਵਾਂ ’ਚੋਂ ਕਿਹੜੇ ਚੋਣਵੇਂ ਭਾਗ ਦਾ ਅਨੁਵਾਦ ਕੀਤਾ ਗਿਆ ਹੈ, ਅਜਿਹੇ ਬੁਨਿਆਦੀ ਤੱਥਾਂ ਨੂੰ ਵੀ ਕਿਤਾਬ ’ਚ ਉਸਦਾ ਵੇਰਵਾ ਲਿਖਣ ਤੋਂ ਗੁਰੇਜ ਕੀਤਾ ਜਾਂਦਾ ਹੈ।