ਮੇਟਾਮਾਰਫਾੱਸਿਜ਼ ਦਾ ਨਾਇਕ ਸਾਮਸਾ ਇੱਕ ਤੋਂ ਦੂਜੀ ਥਾਂ ਜਾਣ ਵਾਲਾ ਇੱਕ ਸੇਲਜ਼ਮੈਨ ਹੈ। ਇਸੇ ਕਰਕੇ ਆਪਣੀ ਉਸ ਅਜੀਬੋ-ਗ਼ਰੀਬ ਜੋਖਿਮ ਭਰੀ ਯਾਤਰਾ ਦੌਰਾਨ, ਜਿਹੜੀ ਉਸਨੂੰ ਇੱਕ ਟਿੱਡਾ ਬਣਾ ਦਿੰਦੀ ਹੈ, ਇੱਕੋ-ਇੱਕ ਚੀਜ਼ ਉਸਨੂੰ ਪਰੇਸ਼ਾਨ ਕਰਦੀ ਹੈ ਕਿ ਉਸਦਾ ਬੌਸ ਉਸਦੀ ਗ਼ੈਰ ਹਾਜ਼ਿਰੀ ਲਈ ਨਾਰਾਜ਼ ਹੋ ਰਿਹਾ ਹੋਵੇਗਾ। ਟਿੱਡਿਆਂ ਵਰਗੀਆਂ ਟੰਗਾਂ ਤੇ ਫੰਘ ਉਸਦੇ ਪਿੰਡੇ ਉੱਤੇ ਉੱਗ ਆਉਂਦੇ ਹਨ, ਰੀੜ ’ਤਾਂਹ ਨੂੰ ਕੁੱਬੀ ਹੋ ਜਾਂਦੀ ਹੈ, ਢਿੱਡ ’ਤੇ ਚਿੱਟੇ-ਚਿੱਟੇ ਧੱਬੇ ਉੱਭਰ ਆਉਂਦੇ ਹਨ- ਮੈਂ ਇਹ ਨਹੀਂ ਕਹਿੰਦਾ ਕਿ ਇਸਤੋਂ ਉਸਨੂੰ ਹੈਰਾਨੀ ਨਹੀਂ ਹੁੰਦੀ ਜਾਂ ਉਹ ਚੌਂਕਦਾ ਨਹੀਂ, ਇਸ ਨਾਲ਼ ਤਾਂ ਸਾਰਾ ਅਸਰ ਹੀ ਖ਼ਤਮ ਹੋ ਜਾਵੇਗਾ- ਪਰ ਇਸਤੋਂ ਉਸਨੂੰ ਬਸ “ਮਾੜ੍ਹੀ ਜਿਹੀ ਝੁੰਝਲਾਹਟ ਜਾਂ ਖਿਝ” ਹੀ ਆਉਂਦੀ ਹੈ। ਕਾਫ਼ਕਾ ਦਾ ਸਾਰਾ ਹੁਨਰ ਇਸੇ ਫ਼ਰਕ ਨੂੰ ਦਿਖਾਉਣ ਵਿੱਚ ਹੈ।
- ਅਲਬੇਅਰ ਕਾਮੂ