ਸਾਹਿਤਕ ਨਿਬੰਧ ਉਹ ਘਟਨਾ ਹੈ ਜਿਸ ਵਿੱਚ ਸਾਹਿਤ ਅਤੇ ਆਲੋਚਨਾ ਵਿਚਲਾ ਜ਼ਖ਼ਮ ਭਰਦਾ ਹੈ।
ਪਰ ਨਿਬੰਧ ਇਕਲਾਪਾ ਚਾਹੁੰਦਾ ਹੈ, ਜਦੋਂ ਕਿ ਪੰਜਾਬੀ ਸਾਹਿਤ ਜਗਤ ਇਸ ਵੇਲੇ ਇਕਲਾਪੇ ਦੇ ਖ਼ਾਸੇ ਡੈਫ਼ਿਸਿਟ ਵਿੱਚੋਂ ਲੰਘ ਰਿਹਾ ਲੱਗਦਾ ਹੈ। ਸਭਾਵਾਂ, ਸੈਮੀਨਾਰਾਂ, ਮੇਲਿਆਂ, ਮਿਲਣੀਆਂ, ਮਹਿਫ਼ਿਲਾਂ, ਘੁੰਡ ਚੁਕਾਉਣ ਦੀਆਂ ਰਸਮਾਂ ਤੋਂ ਬਚਿਆ ਸਮਾਂ ਸੋਸ਼ਲ ਮੀਡੀਆ ਉੱਪਰ ਲੱਗੀ ਘੋੜਿਆਂ ਦੀ ਦੌੜ ਦੇ ਸਵਾਰ ਤੇ ਸੱਟੇਬਾਜ਼ ਮੱਲ ਲੈਂਦੇ ਹਨ। ਪੇਤਲੀਆਂ ਪਛਾਣਾਂ ਦੇ ਇਸ ਜ਼ਮਾਨੇ ਵਿੱਚ ਆਪਣੇ-ਆਪ ਨੂੰ ‘ਲੇਖਕ’ ਜਾਂ ‘ਕਵੀ’ ਦੀ ਪਛਾਣ ਦੇ ਮੁਖੌਟੇ ਪਿੱਛੇ ਲੁਕਾ ਲੈਣਾ ਅੰਦਰਲੇ ਖ਼ਲਾਅ, ਜਾਂ ਮਾਮੂਲੀਪਣ, ਦੇ ਅਨੁਭਵ ਨੂੰ ਇਕ ਵਾਰ ਹੋਰ ਟਾਲ ਦੇਣ ਦਾ ਕੰਮ ਕਰਦਾ ਹੈ। ਇਸ ਵਰਤਾਰੇ ਵਿੱਚ ਸਾਹਿਤਕਾਰ ਦੀ ਵੋਕੇਸ਼ਨ/ਕਾਲਿੰਗ ਨਾਲ ਜੁੜੇ ਵਿਸ਼ਵਾਸ ਦਾ ਫਿੱਕਿਆਂ ਪੈ ਜਾਣਾ ਆ ਰਲਦਾ ਹੈ – ਜੋ ‘ਨਵ-ਉਦਾਰਵਾਦੀ ਲੋਕਤੰਤਰ’ ਦੇ ਸਮੇਂ ਵਿੱਚ ‘ਕਾਂਟੈਂਟ ਰਾਇਟਰ’ ਅਤੇ ‘ਰਾਇਟਰ’ ਵਿੱਚ ਭੇਦ ਕਰਨ ਦੀ ਅਸਮਰੱਥਾ ਨੂੰ ਤਾਕਤ ਵਜੋਂ ਵੇਚਦਾ ਹੈ।
ਭੀੜ ਤੋਂ ਦੂਰੀ ਰੱਖਣਾ, ਉਸ ਦੇ ਤਿਲਿਸਮ ਤੋਂ ਮੁਕਤ ਰਹਿਣਾ, ਜੋ ਬਹੁਤ ਮਸ਼ਹੂਰ ਹੈ ਉਸ ਉੱਪਰ ਸ਼ੱਕ ਕਰਨ ਦੀ ਸਮਰੱਥਾ ਸੰਭਾਲ ਰੱਖਣਾ, ਮਹਾਂਕਵੀਆਂ ਸੰਗ ਬਣਵਾਸ ਵਿੱਚ ਜਿਊਣਾ – ਸਾਹਿਤਕਾਰ ਦੀ ਸਾਧਨਾ ਵਿੱਚ ਇਸ ਸਭ ਦੇ ਮਹੱਤਵ ਨੂੰ ਮੁੜ ਸਮਝਣ ਦੀ ਲੋੜ ਹੈ। - ਕਿਤਾਬ ਵਿਚੋਂ