ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਸਭਿਆਚਾਰਕ ਸੰਸਥਾਵਾਂ ਸਭਿਆਚਾਰਕ ਪ੍ਰਸ਼ਨੋਤਰੀ, ਮੁਹਾਵਰੇਦਾਰ ਵਾਰਤਾਲਾਪ, ਕਿੱਸਾ-ਵਾਰ ਗਾਇਨ ਅਤੇ ਹੋਰ ਲੋਕ ਕਲਾਵਾਂ ਨਾਲ ਜੁੜੇ ਮੁਕਾਬਲੇ ਕਰਵਾ ਰਹੀਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਸ਼ਵ ਭਰ ਵਿਚ ਬੈਠੇ ਬੱਚਿਆਂ ਲਈ ‘ਪੰਜਾਬੀ ਓਲੰਪੀਆਡ’ ਕਰਵਾਇਆ। ਸੁੰਦਰਤਾ ਮੁਕਾਬਲਿਆਂ ਵਿਚ ਵੀ ਸਭਿਆਚਾਰਕ ਪ੍ਰਸ਼ਨੋਤਰੀ ਦਾ ਖਾਸ ਰਾਊਂਡ ਰਹਿੰਦਾ ਹੈ। ਇਹ ਸਭ ਨਵੀਂ ਪੀੜ੍ਹੀ ਨੂੰ ਆਪਣੇ ਸਭਿਆਚਾਰ ਨਾਲ ਜੋੜੀ ਰੱਖਣ ਦਾ ਉਪਰਾਲਾ ਹਨ। ਆਪਣੀ ਪਰੰਪਰਾ ਨੂੰ ਅਗਲੀ ਪੀੜ੍ਹੀ ਤੱਕ ਤੋਰਨ ਦਾ ਯਤਨ ਹਨ, ਇੱਕ ਕੜੀ ਹਨ।
ਇਹ ਪੁਸਤਕ ਪੰਜਾਬ ਅਤੇ ਵਿਦੇਸ਼ਾਂ ਵਿਚ ਹੁੰਦੇ ਅਜਿਹੇ ਹੀ ਸਟੇਜੀ, ਲਿਖਤੀ ਅਤੇ ਸੁੰਦਰਤਾ ਮੁਕਾਬਲਿਆਂ ਨੂੰ ਧਿਆਨ ਵਿਚ ਰਖ ਕੇ ਵਿਉਂਤੀ ਗਈ ਹੈ ਜਿਸ ਵਿਚ ਪੰਜਾਬ ਦੇ ਇਤਿਹਾਸ, ਸਭਿਆਚਾਰ, ਭਾਸ਼ਾ, ਲਿੱਪੀ, ਜਨ-ਜੀਵਨ, ਰਹਿਣ-ਸਹਿਣ, ਲੋਕ-ਵਿਸ਼ਵਾਸ, ਤਿਥ-ਤਿਉਹਾਰ, ਮੇਲਿਆਂ ਅਤੇ ਲੋਕ ਕਲਾਵਾਂ ਬਾਰੇ ਸਵਾਲ ਸ਼ਾਮਿਲ ਕੀਤੇ ਗਏ ਹਨ।