ਜਿਸ ਵੇਲ਼ੇ ਗੁਰੂ ਨਾਨਕ ਸਾਹਿਬ ਇਸ ਦੁਨੀਆ ਉੱਤੇ ਵਿਚਰੇ, ਉਹ ਸੰਸਾਰ ਇਤਿਹਾਸ ਦਾ ਕੋਈ ਸਾਧਾਰਨ ਵੇਲ਼ਾ ਨਹੀਂ ਸੀ। ਪੰਦਰ੍ਹਵੀਂ ਅਤੇ ਸੋਲ੍ਹਵੀਂ ਸਦੀ ਦੇ ਵਿਚਕਾਰਲਾ ਇੱਕ ਸਦੀ ਦਾ ਉਹ ਦੌਰ ਉੱਥਲ-ਪੁੱਥਲਾਂ ਦਾ ਦੌਰ ਸੀ। ਉਸ ਵੇਲ਼ੇ ਸੰਸਾਰ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਇਨ੍ਹਾਂ ਤਬਦੀਲੀਆਂ ਨੇ ਪੂਰੇ ਸੰਸਾਰ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ। ਧਰਮ, ਗਿਆਨ, ਕਲਾ, ਰਾਜਨੀਤੀ, ਨੈਤਿਕਤਾ, ਫ਼ਿਲਾਸਫ਼ੀ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਯੁੱਗ ਪਲਟਾਊ ਅਤੇ ਫੈਸਲਾਕੁਨ ਕਾਰਨਾਮੇ ਹੋਏ। ਮਸਲਨ ਯੂਰਪ ਦੀ ਪੁਨਰ ਜਾਗ੍ਰਿਤੀ ਲਹਿਰ (ਰੈਨੇਸਾਂ), ਈਸਾਈਆਂ ਦੇ ਪੂਰਬੀ ਚਰਚ ਦਾ ਢਹਿ ਢੇਰੀ ਹੋਣਾ, ਸਲਤਨਤ ਏ ਉਸਮਾਨੀਆਂ ਦੀ ਚੜ੍ਹਤ, ਕੋਲੰਬਸ, ਵਾਸਕੋ ਡੀ ਗਾਮਾ, ਫਰਡੀਨੈਂਡ ਮੈਗਲਾਨ, ਬਾਰਟੋਲੋਮਿਓ ਡਾਇਸ ਦੀਆਂ ਲੰਮੀਆਂ ਸਮੁੰਦਰੀ ਮੁਹਿੰਮਾਂ, ਨਿਕੋਲਸ ਕੌਪਰਨੀਕਸ ਵੱਲੋਂ ਸੂਰਜ ਦੇ ਬ੍ਰਹਿਮੰਡ ਦਾ ਕੇਂਦਰ ਹੋਣ ਦਾ ਦਾਅਵਾ, ਯੂਰਪ ਵਿੱਚ ਤਰਕ ਅਤੇ ਵਿਗਿਆਨ ਦੇ ਖੇਤਰ ਵਿੱਚ ਵਿਸਫੋਟਕ ਵਰਤਾਰੇ, ਪੂੰਜੀਵਾਦੀ ਪਸਾਰਵਾਦ ਦਾ ਬੋਲਬਾਲਾ ਅਤੇ ਪ੍ਰਿੰਟਿੰਗ ਪ੍ਰੈੱਸ ਦੀ ਕਾਢ ਤੋਂ ਇਲਾਵਾ ਭਾਰਤ ਵਿੱਚ ਲੋਧੀ ਵੰਸ਼ ਦਾ ਖ਼ਾਤਮਾ ਤੇ ਬਾਬਰ ਰਾਹੀਂ ਮੁਗ਼ਲਾਂ ਦੀ ਸਲਤਨਤ ਦਾ ਕਾਇਮ ਹੋਣਾ, ਜੋ ਅਗਲੀਆਂ ਤਿੰਨ ਸਦੀਆਂ ਤੱਕ ਕਾਇਮ ਰਹੀ।