ਇਹ ਨਾਵਲ ਪੰਜਾਬੀ ਵਿੱਚ ਲਿਖੇ ਜਾ ਰਹੇ ਪ੍ਰਚਲਿਤ ਨਾਵਲਾਂ ਨਾਲੋਂ ਵੱਖਰੀ ਸ਼ੈਲੀ ਵਿੱਚ ਲਿਖਿਆ ਗਿਆ ਹੈ। ਹਾਲਾਂਕਿ ਇਹ ਬਿਲਕੁਲ ਹੀ ਕੋਈ ਨਵੀਂ ਵਿਧਾ ਨਹੀਂ ਹੈ। ਵਿਸ਼ਵ ਸਾਹਿਤ ਵਿੱਚ “ਐਨੀਮਲ ਫਾਰਮ”, “ਡੌਗ ਮੈਨ” ਆਦਿ ਇਸ ਸ਼ੈਲੀ ਵਿੱਚ ਲਿਖੇ ਗਏ ਹਨ। ਪੰਜਾਬੀ ਵਿੱਚ ਵੀ “ਗਧੇ ਦੀ ਆਤਮ ਕਥਾ” ਅਤੇ “ਗਧੇ ਦੀ ਵਾਪਸੀ” ਨਾਵਲ ਮਿਲਦੇ ਹਨ ਪਰ ਇਹ ਦੋਵੇਂ ਨਾਵਲ ਅਨੁਵਾਦ ਕੀਤੇ ਹੋਏ ਹਨ ਅਤੇ ਮੂਲ ਪੰਜਾਬੀ ਲਿਖਤਾਂ ਨਹੀਂ ਹਨ।
ਇਸ ਨਾਵਲ ਦੇ ਨਾਇਕ, ਪਿਆਸਾ ਕਾਂ ਅਤੇ ਕਾਲੂ ਕੁੱਤਾ ਇਨਸਾਨਾਂ ਵਾਂਗ ਵੀ ਬੋਲ ਲੈਂਦੇ ਹਨ। ਉਹ ਕਦੇ ਜੰਗਲ ਵਿੱਚ ਅਤੇ ਕਦੇ ਇਨਸਾਨਾਂ ਵਿੱਚ ਵਿਚਰਦੇ ਹਨ। ਵੱਖ-ਵੱਖ ਮਸਲਿਆਂ ਤੇ ਆਪਣੀ ਰਾਇ ਰੱਖਦੇ ਹੋਏ ਉਹ ਕਨੇਡਾ, ਅਮਰੀਕਾ, ਚੀਨ ਅਤੇ ਪਾਕਿਸਤਾਨ ਤੱਕ ਜਾਂਦੇ ਹਨ ਅਤੇ ਕਈ ਕਾਰਨਾਮੇ ਕਰਦੇ ਹਨ। ਕਾਲੂ ਅਤੇ ਕਾਂ ਕੌਣ ਹਨ? ਪਾਠਕ ਇਸ ਚੱਕਰ ਵਿੱਚ ਪਏ ਬਿਨਾਂ ਇਸ ਰਚਨਾ ਨੂੰ ਮਾਨਣ ਦੀ ਕੋਸ਼ਿਸ਼ ਕਰੇ। ਦਰਅਸਲ ਇਹ ਦੋਵੇਂ ਕਲਪਿਤ ਪਾਤਰ ਹਨ ਜੋ ਤੁਹਾਨੂੰ ਆਪਣੇ ਆਸ-ਪਾਸ ਲੱਗ ਵੀ ਸਕਦੇ ਹਨ ਅਤੇ ਨਹੀਂ ਵੀ।
ਆਪਣੇ ਪਹਿਲੇ ਨਾਵਲ “ਐਲਿਸ ਇਨ ਫੰਡਰਲੈਂਡ” ਵਾਂਗ ਇਹ ਨਾਵਲ ਵੀ ਨਵੀਂ ਪੀੜੀ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਹੈ। ਉਮੀਦ ਹੈ ਕਿ ਨੈੱਟਫਲਿਕਸ, ਐਮਾਜੌਨ ਪ੍ਰਾਈਮ ਅਤੇ ਡਿਜ਼ਨੀ ਹੌਟ-ਸਟਾਰ ਆਦਿ ਚੈਨਲ ਵੇਖਣ ਵਾਲੀ ਪੀੜ੍ਹੀ ਇਸ ਨਾਵਲ ਤੋਂ ਨਿਰਾਸ਼ ਨਹੀਂ ਹੋਵੇਗੀ।
ਨਾਵਲ ਵਿੱਚ ਵਿਅੰਗ, ਹਾਸ-ਵਿਅੰਗ ਭਾਰੂ ਹੈ ਅਤੇ ਕੋਸ਼ਿਸ਼ ਕੀਤੀ ਹੈ ਕਿ ਪਾਠਕਾਂ ਦਾ ਭਰਪੂਰ ਮਨੋਰੰਜਨ ਹੋ ਸਕੇ। ਬਾਕੀ ਇਸ ਨਾਵਲ ਵਿੱਚ ਹੋਰ ਕੀ ਕੀ ਹੈ? ਇਹ ਤੁਸੀਂ ਪੜ੍ਹ ਕੇ ਸਮਝ ਸਕਦੇ ਹੋ। ਤੁਹਾਡੇ ਸੁਝਾਵਾਂ ਦਾ ਇੰਤਜਾਰ ਰਹੇਗਾ।