ਸੁਹਜ ਹਰ ਨਿੱਕੀ ਤੋਂ ਵੱਡੀ ਸ਼ੈਅ ਚ ਨੱਚ ਰਿਹਾ ਹੈ, ਜੋ ਅੱਖ ਨੂੰ ਦਿਸਦੀ ਹੈ ਜਾਂ ਨਹੀਂ ਵੀ ਦਿਸਦੀ। ਮੈਥ ਵੀ ਤਾਂ ਸੁਹਜ ਦਾ ਹੀ ਰੂਪ ਹੈ। ਅੰਕੜੇ ਵੀ ਲੈਅਬੱਧ ਨੇ। ਹਰ ਵਿਸ਼ਾ, ਵਸਤ, ਖਲਾਅ ਸੁਹਜ ਦੀ ਫਿਰਨੀ ਤੇ ਹੀ ਇੱਕ ਦੂਜੇ ਦਾ ਗਵਾਂਡੀ ਬਣਕੇ ਰਹਿੰਦਾ ਹੈ। ਓਸੇ ਸੁਹਜ ਦੀ ਕੋਈ ਲੁਕਵੀਂ ਕਾਤਰ ਮੇਰੀਆਂ ਅੱਖਾਂ ਚ ਖੁੱਭੀ ਤੇ ਕਈ ਕੁਝ ਲਿਖਿਆ ਗਿਆ। ਓਸੇ ਚੋਂ ਹੀ ਇੱਕ ਲੱਪ ਪਲੇਠੀ ਕਿਤਾਬ ਦੇ ਸਫਿਆਂ ਤੇ ਸਜਿਆ ਹੈ ਤੇ ‘ਸਾਬਤਾ ਜੰਗਲ’ ਉੱਗ ਆਇਆ ਹੈ। ਮੇਰੀ ਚਾਹਨਾ ਸੀ ਕਿ ਆੱਟਮ ਆਰਟ ਵਾਲੇ ਇਸਨੂੰ ਛਾਪਣ ਕਿਉਂ ਜੋ ਉਹ ਕਿਤਾਬ ਨੂੰ ਜਿਸ ਐਨਕ ਨਾਲ ਦੇਖਦੇ ਨੇ ਉਹ ਵੱਖਰੀ ਹੈ। ਸੋ, ਹਰ ਲਿਸ਼ਕਦੀ ਲੈਅ, ਸ਼ਬਦ ਨੂੰ ਮੱਥਾ ਟੇਕਦਾ ਇਹ ਕਿਤਾਬ ਤੁਹਾਡੀ ਝੋਲੀ ਦੇ ਰਿਹਾਂ।
- ਗੁਰਸਿਮਰਨ ਸਿੰਘ