ਹਰ ਕਵਿਤਾ ਦਾ ਆਪਣਾ ਦੇਸ਼ ਹੁੰਦਾ ਹੈ। ਉਹ ਦੇਸ਼ ਜਿਸਦਾ ਕੋਈ ਭੂਗੋਲ ਨਹੀਂ ,ਕੋਈ ਸੀਮਾ ਨਹੀਂ। ਚੁਫੇਰੇ ਨਜ਼ਰ ਮਾਰਿਆਂ ਨਹੀਂ ਦਿਸਦਾ…. ਪਰ ਮੈਨੂੰ-ਤੁਹਾਨੂੰ , ਸਾਨੂੰ ਸਭ ਨੂੰ ਪਤਾ ਹੈ ਕਵਿਤਾ ਦਾ ਆਪਣਾ ਦੇਸ਼ ਹੈ । ਦੇਰ-ਸਵੇਰ ਹਰ ਕੋਈ ਜੀਅ ਆਉਂਦਾ ਹੈ ਕੋਈ ਇੱਕ ਪਲ ਓਸ ਦੇਸ਼। ਕਵੀ ਇਸ ਦੇਸ਼ ਨੂੰ ਨਹੀਂ ਸਿਰਜਦਾ ਕਵਿਤਾ ਸਿਰਜਦੀ ਹੈ। ਮੈਂ ਜਿੰਨਾਂ ਨੂੰ ‘ਆਪਣੀਆਂ’ ਕਵਿਤਾਵਾਂ ਕਹਿੰਦਾ ਹਾਂ ਉਹ ਬਸ ਯਾਦਾਂ ਹਨ ਉਹਨਾਂ ਪਲਾਂ ਦੀਆਂ ਜਦੋਂ ਮੈਂ ਕਵਿਤਾ ਬਣ ਕੇ ਉੱਡਿਆ, ਹੱਸਿਆ,ਰੀਂਗਿਆ ਜਾਂ ਰੋਇਆ। ਮਨ ਕਰਦਾ ਹੁੰਦਾ ਮੁੜ ਮੁੜ ਉਹ ਪਲ ਜੀਵਾਂ , ਮੁੜ-ਮੁੜ ਕਵਿਤਾ ਹੋਵਾਂ। ਪਰ ਕਦੇ ਸਫ਼ਲ ਨਹੀਂ ਹੋਇਆ। ਦਵੰਦ ਇਹ ਹੈ ਕਿ ਆਪਣੇ ਸਵੈ ਦੀ ਭੌਤਿਕ ਹੋਂਦ ਤੋਂ ਸੁਚੇਤ ਬੰਦਾ ਇਹਨਾਂ ਪਲਾਂ ਨੂੰ ਮਾਣ ਹੀ ਨਹੀਂ ਸਕਦਾ।ਸਵੈ ਤੋਂ ਦੂਰ ਜਾ ਕੇ ਇਹਨਾਂ ਪਲਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਪਲ ਉਹ ਕੈਫੀਅਤ ਹੈ ਜਦੋਂ ਕਵਿਤਾ ਤੁਹਾਡੇ ‘ਤੇ ਮਿਹਰਬਾਨ ਹੁੰਦੀ ਹੈ। ਕਵਿਤਾ ਹੋ ਰਹੇ ਅਨਿਆ ਖ਼ਿਲਾਫ਼ ਰੋਹ, ਮਾਸੂਮ ਬੱਚੇ ਲਈ ਲੋਰੀ, ਜਬਰ ਲਈ ਹਥਿਆਰ ਬਣ ਹਰ ਜਗ੍ਹਾ ਮੌਜੂਦ ਰਹਿੰਦੀ ਹੈ।ਉਂਝ ਅਸਲ ਵਿੱਚ ਕਵਿਤਾ ਦਾ ਕੋਈ ਦੇਸ਼ ਨਹੀਂ ਹੁੰਦਾ।
‘ਖ਼ਤ ਜੋ ਲਿਖਣੋਂ ਰਹਿ ਗਏ’ ਵਿੱਚ ਕੁਝ ਕਵਿਤਾਵਾਂ ਓਸ ਕੈਫ਼ੀਅਤ ਚੋਂ ਸਿਰਜੀਆਂ ਗਈਆਂ ਜਦੋਂ ਮੈਂ ਕਵਿਤਾ ਸੀ। ਕੁਝ ਦੀ ਰਚਨਾ ਸਮੇਂ ਨਾ ਚਾਹੁੰਦਾ ਹੋਇਆ ਵੀ ਸੁਚੇਤ ਹੋ ਗਿਆ ਹੋਵਾਂਗਾ ਜਿਸ ਕਾਰਨ ਮੇਰਾ ਸਵੈ ਇਹਨਾਂ ਉਪਰ ਭਾਰੂ ਹੋ ਗਿਆ ਹੋਵੇਗਾ ।ਜੇ ਇਹ ਭਾਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਅਸਹਿਜਤਾ ਦਾ ਅਹਿਸਾਸ ਕਰਵਾਵੇ ਤਾਂ ਅਗਾਊ ਮਾਫ਼ੀ ਮੰਗਦਾ ਹਾਂ...