ਹਥਲੀ ਪੁਸਤਕ ‘ਸਕੀਨਤ-ਉਲ-ਔਲੀਆ’ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਵੱਡੇ ਬੇਟੇ ਸ਼ਹਿਜ਼ਾਦਾ ਦਾਰਾਸ਼ਿਕੋਹ ਦੀ ਰਚਨਾ ਦਾ ਫਾਰਸੀ ਤੋਂ ਗੁਰਮੁਖੀ ਅਨੁਵਾਦ ਹੈ। ਉਸਨੇ ਇਹ ਮੂਲ ਰਚਨਾ 1643 ਈ. ’ਚ ਸ਼ੁਰੂ ਕਰਕੇ 1649 ਈ. ’ਚ ਮੁਕੰਮਲ ਕੀਤੀ। ਜਿਸਦਾ ਪਹਿਲਾ ਉਤਾਰਾ ਮੁਹੰਮਦ ਤਾਹਿਰ ਸਿਆਲਕੋਟੀ ਕਾਦਰੀ ਦੁਆਰਾ 9 ਜੂਨ 1685 ਈ. ’ਚ ਕੀਤਾ ਗਿਆ। ਇਸ ਉਤਾਰੇ ਦਾ ਨੁਸਖਾ ਡਾ. ਤਾਰਾ ਚੰਦ ਅਤੇ ਈਰਾਨੀ ਵਿਦਵਾਨ ਸਯਦ ਮੁਹੰਮਦ ਰਜ਼ਾ ਜਲਾਲੀ ਨਾਈਯਨੀ ਵਲੋਂ ਈਰਾਨੀ ਲੇਖਕ ਅਤੇ ਆਲੋਚਕ ਮੁਹੀਤ ਤਬਾਤਬਾਈ ਦੀ ਲਾਇਬਰੇਰੀ ’ਚੋਂ ਪ੍ਰਾਪਤ ਕਰਕੇ 27 ਮਾਰਚ 1960 ’ਚ ਈਰਾਨ ਤੋਂ ਪਹਿਲੀ ਵਾਰ ਛਪਵਾਇਆ ਗਿਆ ਜੋ ਇਸ ਅਨੁਵਾਦ ਦਾ ਅਧਾਰ ਹੈ।
ਦਾਰਾਸ਼ਿਕੋਹ ਦਾ ਹਿੰਦੁਸਤਾਨ ਦੇ ਮੱਧਕਾਲੀਨ ਦੌਰ ਦੇ ਇਤਿਹਾਸ ’ਚ ਵੱਡਾ ਨਾਮ ਹੈ। ਦਾਰਾਸ਼ਿਕੋਹ ਦੀ ਸ਼ਖਸ਼ੀਅਤ ਇਕ ਰਾਜਕੁਮਾਰ ਦੇ ਤੌਰ ’ਤੇ ਹੁੰਦਿਆ ਹੋਇਆਂ ਵੀ ਬਹੁ-ਅਯਾਮੀ ਹੈ ਅਤੇ ਬਹੁ-ਪਸਾਰੀ ਹੈ। ਵੱਖ-ਵੱਖ ਧਰਮਾਂ, ਅਧਿਆਤਮਿਕ ਅਤੇ ਰਹੱਸਵਾਦੀ ਪ੍ਰੰਪਰਾਵਾਂ ਪ੍ਰਤੀ ਲਗਨ ਅਤੇ ਸ਼ਿੱਦਤ ਉਸਦੀ ਸ਼ਖਸੀਅਤ ਦਾ ਸ੍ਰੇਸ਼ਟ ਤੱਤ ਹੈ। ਸਾਮੀ ਪਰੰਪਰਾ ਦਾ ਅਨੁਸਰਣ ਕਰਦੇ ਹੋਏ ਉਸਨੇ ਭਾਰਤ ਦੀ ਵੈਦਿਕ ਦਰਸ਼ਨ-ਧਾਰਾ ਨਾਲ ਸੰਵਾਦ ਰਚਾਉਣ ਲਈ ਉਪਨਿਸ਼ਦਾਂ ਦਾ ਫਾਰਸੀ ਅਨੁਵਾਦ ‘ਸਿੱਰ-ਏ-ਅਕਬਰ’ ਦੇ ਨਾਮ ਹੇਠਾਂ ਕਰਵਾਇਆ। ਇਸਲਾਮ ਦੇ ਰਹੱਸਾਤਮਕ-ਅਨੁਸ਼ਾਸ਼ਨ ਅਰਥਾਤ ਤਸੱਵੁਫ ਪ੍ਰਤੀ ਉਸਦੀ ਸ਼ਰਧਾ ਅਤੇ ਵਿਦਵਤਾ ਦਾ ਸਥੂਲ ਰੂਪ ਇਹ ਕਿਤਾਬ ‘ਸਕੀਨਤ-ਉਲ-ਔਲੀਆ’ ਹੈ। ਜਿਸ ਵਿੱਚ ਪ੍ਰਮੁਖ ਤੌਰ ਤੇ ਦਰਵੇਸ਼ ਸ਼ੈਖ ਹਜ਼ਰਤ ਮੀਆਂ ਮੀਰ (ਰਹ) ਦੇ ਸਮੁੱਚੇ ਜੀਵਨ, ਕਰਾਮਾਤਾਂ, ਬਚਨ-ਬਿਲਾਸ, ਚਿੰਤਨ ਅਤੇ ਉਹਨਾਂ ਦੇ ਮੁਰੀਦਾਂ ਦਾ ਵਰਣਨ ਹੈ ਅਤੇ ਇਸਦੇ ਨਾਲ ਹੀ ਉਸ ਦੌਰ ਦੀਆਂ ਰਾਜਸੀ ਹਲਚਲਾਂ ਦੇ ਇਤਿਹਾਸਕ ਵੇਰਵੇ ਵੀ ਦਰਜ ਹਨ। ਹਜ਼ਰਤ ਮੀਆਂ ਮੀਰ (ਰਹ) ਜੀ ਬਾਰੇ ਇਹ ਸਭ ਤੋਂ ਨੇੜਲਾ ਅਤੇ ਸਮਕਾਲੀ ਅਹਿਮ ਸ੍ਰੋਤ ਹੁੰਦਿਆਂ ਹੋਇਆਂ ਉਨ੍ਹਾਂ ਦੇ ਸਮੇਂ ਦਾ ਇਕ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਵੀ ਹੈ।
- ਅਨੁਵਾਦਕ