ਅੰਨ ਦਾ ਦਾਣਾ ਲੈ ਕੇ ਤੁਰੀ ਜਾਂਦੀ ਕੀੜੀ ਕੋਲੋਂ ਦਾਣਾ ਛੁੱਟ ਜਾਣ ’ਤੇ ਉੱਠੀ ਚੀਸ ਤੋਂ ਮੇਰੀ ਕਵਿਤਾ ਦਾ ਮੁੱਢ ਬੱਝਿਆ। ਮੇਰੇ ਪਿੰਡ ਦਿਆਂ ਕੱਚਿਆਂ ਰਾਹਵਾਂ ਦੀ ਲਿਸ਼ਕਦੀ ਧੂੜ ਨੇ ਮੇਰੀ ਕਵਿਤਾ ਨੂੰ ਵਾਕ ਵੰਡੇ ਤੇ ਸਮੇਂ-ਸਮੇਂ ’ਤੇ ਢਹਿੰਦੀ, ਉੱਸਰਦੀ ਫੁੱਲਾਂ, ਪੱਤਿਆਂ, ਰੰਗਾਂ, ਰੁੱਤਾਂ, ਝੀਲਾਂ, ਨਦੀਆਂ, ਸ਼ਬਦਾਂ, ਧੁਨੀਆਂ ਤੋਂ ਸੱਚ ਮੰਗਦੀ ਸਹਿਜੇ ਹੀ ਕੱਕੀ ਤੋਰ ਵਿੱਚ ਵਟ ਗਈ।
ਸਾਡੇ ਆਲ਼ੇ-ਦੁਆਲ਼ੇ ਵਾਪਰ ਰਹੀਆਂ ਸਹਿਜ ਘਟਨਾਵਾਂ, ਸਹਿਜ ਦ੍ਰਿਸ਼ਾਂ, ਸਮਾਜਿਕ ਗਤੀਵਿਧੀਆਂ ਆਦਿ ਨੂੰ ਅਸੀਂ ਸਾਰੇ ਵੇਖਦੇ ਹਾਂ, ਪਰ ਇਨ੍ਹਾਂ ਦ੍ਰਿਸ਼ਾਂ ਨੂੰ ਕੌਣ ਕਿੰਨਾ ਸੂਖ਼ਮ ਵੇਖਦਾ ਹੈ, ਉਸ ਘਟਨਾ, ਦ੍ਰਿਸ਼ ਦਾ ਉਸ ਦੇ ਮਨ ’ਤੇ ਕੀ ਅਸਰ ਪੈਂਦਾ ਹੈ, ਇਹ ਕੁਝ ਵੀ ਮਿਿਣਆ-ਗਿਿਣਆ ਨਹੀਂ ਜਾ ਸਕਦਾ। ਬੱਸ ਇੰਨਾ ਕਹਿ ਲਵੋ ਕਿ ਉਸ ਸੂਖ਼ਮਤਾ ਦੇ ਬਰੀਕ ਤੋਂ ਬਰੀਕ ਤੱਤ ਤੱਕ ਅੱਪੜਣਾ ਹੀ ਕਵੀ ਜਾਂ ਕਵਿਤਾ ਨੂੰ ਜਨਮ ਦਿੰਦਾ ਹੈ।