ਇਸ ਨਾਵਲ ਨੂੰ ਪੜ੍ਹਕੇ ਆਪਣੇ ਆਪ ਨੂੰ ਸੰਭਾਲਣਾ ਏਨਾ ਸੌਖਾ ਨਹੀਂ ਹੈ। ਸੰਤਾਲ਼ੀ ਤੇ ਚੁਰਾਸੀ ਵਰਗੇ ਵੱਡੇ ਦੁਖਾਂਤਾਂ ਨੂੰ ਸਿਰਫ਼ ਤਿੰਨ ਸੌ ਪੇਜ ਦੇ ਅੰਦਰ ਮੰਡ ਨੇ ਜਿਸ ਗਹਿਰਾਈ ਨਾਲ ਚਿਤਰਿਆ; ਉਸਨੂੰ ਜਜ਼ਬ ਕਰਨਾ ਤੇ ਸੰਭਾਲਣਾ ਮੇਰੇ ਲਈ ਤਾਂ ਬਹੁਤ ਹੀ ਔਖਾ ਸੀ। ਪੰਜਾਬ ਨਾਲ ਵਾਪਰੇ ਇਨ੍ਹਾਂ ਦੋਵਾਂ ਦੁਖਾਂਤਾਂ ਦੀ ਸੰਵੇਦਨਾ ਸ਼ਾਇਦ ਹੀ ਪੰਜਾਬੀ ਦੀ ਕਿਸੇ ਕਿਰਤ ਨੇ ਐਨੀ ਸ਼ਿੱਦਤ ਨਾਲ ਚਿਤਰੀ ਹੋਵੇ। ਮੰਡ ਦੁਖਾਂਤ ਦੀ ਸਭ ਤੋਂ ਦੁਖਦੀ ਰਗ ਹਿੰਸਾ ਨੂੰ ਫੜਦਾ ਹੈ। ਸੰਤਾਲ਼ੀ ਤੇ ਚੁਰਾਸੀ ਦੀ ਦੁਖਦੀ ਰਗ ਹਿੰਸਾ ਨਾਲ ਪੰਜਾਬ ਨੇ ਆਪਣੇ ਚਿਹਰੇ ਨਾਲ ਜੋ ਸਲੂਕ ਕੀਤਾ, ਉਹ ਬਹੁਤ ਹੀ ਵਹਿਸ਼ੀ ਸੀ। ਇਸ ਨਾਵਲ ਨੂੰ ਪੜ੍ਹਨਾ ਸਿਰਫ਼ ਦੋ ਦੁਖਾਂਤਾਂ ਦੇ ਸਫ਼ਰ ਨੂੰ ਸਮਝਣਾ ਹੀ ਨਹੀਂ ਸਗੋਂ ਉਨ੍ਹਾਂ ਸਿਰੜੀ ਚਿਹਰਿਆਂ ਨੂੰ ਯਾਦ ਕਰਾਉਣਾ ਵੀ ਹੈ ਜੋ ਪੰਜਾਬੀ ਸੱਭਿਆਚਾਰ ਦੇ ਮੌਲਿਕ ਚਿਹਰੇ ਰਹੇ ਨੇ। ਪੰਜਾਬ ਦੇ ਸਭ ਤੋਂ ਵੱਡੇ ਸਦਮਿਆਂ ਨੂੰ ਚਿਤਰਦਾ ਮੰਡ ਕਿਤੇ ਵੀ ਉਲਾਰ ਨਹੀਂ ਦਿਸਦਾ। ਇਹੋ ਮੰਡ ਦੀ ਗਹਿਰਾਈ ਦਾ ਕਮਾਲ ਹੈ।
- ਏ.ਆਰ. ਭੱਟ