ਮੇਰੀ ਚਿਰੋਕੀ ਇੱਛਾ ਸੀ ਕਿ ਪੇਰੀਆਰ ਦੇ ਸਮੁੱਚੇ ਜੀਵਨ ਸੰਘਰਸ਼ ਅਤੇ ਲਿਖਤਾਂ ਨੂੰ ਬਿਆਨ ਕਰਦੀ ਕੋਈ ਪੁਸਤਕ ਮੇਰੀ ਮਾਂ ਬੋਲੀ ਪੰਜਾਬੀ ਵਿੱਚ ਵੀ ਮਿਲੇ। ਪਰ ਮੈਨੂੰ ਇਵੇਂ ਦੀ ਪੁਸਤਕ ਕਿਤੋਂ ਨਾ ਥਿਆਈ। ਜਦੋਂ “Collected Works of Periyar E.V.R.” ਪੁਸਤਕ ਮੇਰੇ ਹੱਥ ਲੱਗੀ ਤਾਂ ਇਸ ਨੂੰ ਪੜ੍ਹਦਿਆਂ ਪੇਰੀਆਰ ਦੀ ਨਾਬਰੀ ਦੀ ਅਵਾਜ਼ ਮੇਰੇ ਦਿਲੋ ਦਿਮਾਗ਼ ਵਿੱਚ ਡੂੰਘਾ ਉਤਰ ਗਈ। ਮੈਂ ਇਸ ਨੂੰ ਪੰਜਾਬੀ ਵਿੱਚ ਅਨੁਵਾਦ ਕਰਨੋ ਨਾ ਰਹਿ ਸਕਿਆ। ਇੱਕ ਮੇਰੀ ਆਦਿ ਅੰਦੋਲਨਾਂ ਵਿੱਚ ਰੁਚੀ ਅਤੇ ਦੂਜੀ ਡਾ. ਕਰਮਜੀਤ ਸਿੰਘ ਹੁਰਾਂ ਦੀ ਹੱਲਾਸ਼ੇਰੀ ਨੇ ਸੋਨੇ ’ਤੇ ਸੁਹਾਗੇ ਵਾਲਾ ਕੰਮ ਕੀਤਾ। ਅਨੁਵਾਦ ਦਾ ਕੰਮ ਕਰਦਿਆਂ ਪੇਰੀਆਰ ਬਾਰੇ ਮੇਰੇ ਆਪਣੇ ਸ਼ਹਿਰੋਂ ਅਮਰੀਕਾ ਵਸਦੇ ਸ਼ਾਇਰ ਅਜੈ ਤਨਵੀਰ ਨਾਲ ਤਕਰੀਬਨ ਹਰ ਰੋਜ਼ ਗ਼ੁਫ਼ਤਗੂ ਹੁੰਦੀ ਰਹੀ। ਤਨਵੀਰ ਦੇ ਬਜ਼ੁਰਗ ਆਤਮ ਸਨਮਾਨ ਲਈ ਪੰਜਾਬ ਵਿੱਚ ਉੱਠੀ ਆਦਿ ਧਰਮ ਲਹਿਰ ਦਾ ਹਿੱਸਾ ਰਹੇ। ਅੰਦੋਲਨ ਦੀ ਕਣੀ ਉਸਦੇ ਖ਼ੂਨ ’ਚ ਹੈ। ਇਸੇ ਕਰਕੇ ਉਸਦੀ ਸ਼ਾਇਰੀ ਹਾਸ਼ੀਆਗਤ ਲੋਕਾਂ ਦੇ ਹੱਕਾਂ ਲਈ ਜੂਝਣ ਵਾਲੇ ਯੋਧਿਆਂ ਦੇ ਸੰਘਰਸ਼ ਨੂੰ ਰੂਪਮਾਨ ਕਰਦੀ ਹੈ। ‘ਪੇਰੀਆਰ ਰਚਨਾਵਲੀ- ਨਵੇਂ ਯੁੱਗ ਦਾ ਸੁਕਰਾਤ’ ਪੁਸਤਕ ਵਿੱਚ ਉਸਦੀ ਇਸੇ ਸੂਹੇ ਰੰਗ ਵਾਲੀ ਸ਼ਾਇਰੀ ਵਿੱਚੋਂ ਪੇਰੀਆਰ ਦੀ ਸ਼ਖ਼ਸੀਅਤ ਅਤੇ ਆਤਮ ਸਨਮਾਨ ਅੰਦੋਲਨ ਨੂੰ ਪ੍ਰਤੀਬਿੰਬਤ ਕਰਦੇ ਸ਼ੇਅਰਾਂ ਨਾਲ ਹਰ ਅਧਿਆਇ ਦਾ ਆਗਾਜ਼ ਹੋਇਆ ਹੈ। ਪਾਠਕਾਂ ਨੂੰ ਇਹ ਪ੍ਰਯੋਗ ਜ਼ਰੂਰ ਚੰਗਾ ਲੱਗੇਗਾ। ਅਨੁਵਾਦ ਦੇ ਕਾਰਜ ਨੂੰ ਕਿਤਾਬੀ ਰੂਪ ਦੇ ਕੇ ਪਾਠਕਾਂ ਦੇ ਹੱਥਾਂ ਤੱਕ ਪੁਜਦਾ ਕਰਨ ਲਈ ਆਖ਼ਰੀ ਰੰਗ ਭਰਨ ਦਾ ਕਾਰਜ ਹੱਥ ਆਇਆ ਆੱਟਮ ਆਰਟ ਪ੍ਰੈੱਸ ਵਾਲੀ ਪ੍ਰੀਤੀ ਸ਼ੈਲੀ ਦੇ, ਜਿਸਨੇ ਇਸਨੂੰ ਬਾਖ਼ੂਬੀ ਨਿਭਾਇਆ। ਅਨੁਵਾਦ ਸਮੇਂ ਮੈਨੂੰ ਸੁਖਾਵਾਂ ਮਾਹੌਲ ਦੇਣ ਲਈ ਪਰਿਵਾਰਕ ਮੈਂਬਰ ਜੀਵਨ ਸਾਥਣ ਬਬੀਤਾ ਰਾਣੀ, ਬੇਟੀ ਸ਼ਿਫਾਲੀ ਅਤੇ ਖ਼ਾਸ ਕਰਕੇ ਬੇਟੇ ਅੰਕੁਸ਼ ਰਾਏ ਦਾ ਵਿਸ਼ੇਸ ਧੰਨਵਾਦ ਜਿਸਨੇ ਟਾਇਪਿੰਗ ਦੇ ਕੰਮ ’ਚ ਮੇਰਾ ਨਾਲ ਹੱਥ ਵਟਾਇਆ।
ਪੰਜਾਬੀ ਭਾਸ਼ਾ ਵਿੱਚ ‘ਨਾਬਰੀ ਦੀ ਅਵਾਜ਼’ ਪੇਰੀਆਰ ਦੇ ਜੀਵਨ ਸੰਘਰਸ਼ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਬਿਆਨ ਕਰਦੀ ਵੱਡਅਕਾਰੀ ਪਲੇਠੀ ਪੁਸਤਕ ‘ਪੇਰੀਆਰ ਰਚਨਾਵਲੀ- ਨਵੇਂ ਯੁੱਗ ਦਾ ਸੁਕਰਾਤ’ ਪਾਠਕਾਂ ਨੂੰ ਸੌਂਪ ਕੇ ਮੈਂ ਅਥਾਹ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ।
- ਡਾ. ਜਸਵੰਤ ਰਾਏ