ਕਰੋਨਾ ਕਾਲ ਦੀ ਗੱਲ ਏ। 'ਪੰਜਾਬੀ ਟ੍ਰਿਬਿਊਨ' 'ਚ ਛਪਦੇ ਕਾਲਮ 'ਵੰਡ ਦੇ ਦੁੱਖੜੇ' ਪੜ੍ਹ ਕੇ ਡਾ. ਮਨੋਹਰ ਸਿੰਘ ਗਿੱਲ ਹੋਰਾਂ ਦਾ ਫੋਨ ਆਇਆ। ਬੜੀਆਂ ਗੱਲਾਂ ਹੋਈਆਂ। ਉੱਚੇ ਅਹੁਦਿਆਂ 'ਤੇ ਰਹਿਣ ਉਪਰੰਤ ਵਜ਼ੀਰੀ ਮਾਣ ਚੁੱਕੇ, ਇੱਕ ਸੇਵਾ-ਮੁਕਤ ਇਨਸਾਨ ਦਾ ਆਪਣੇ ਪਿੰਡ, ਇਲਾਕੇ ਤੇ ਪੰਜਾਬ ਲਈ ਮੋਹ ਮੈਨੂੰ ਸੱਤਰੰਗੀ ਪੀਂਘ ਜਿਹਾ ਮਹਿਸੂਸ ਹੋਇਆ।
ਫਿਰ ਅਸੀਂ ਅਕਸਰ ਗੱਲਾਂ ਕਰਨ ਲੱਗੇ। ਇੱਕ ਦਿਨ ਮੈਂ ਪੁੱਛਿਆ-ਮੈਂ ਤੁਹਾਡੀਆਂ ਗੱਲਾਂ ਰਿਕਾਰਡ ਕਰ ਸਕਦਾਂ? ਉਨ੍ਹਾਂ ਖ਼ਰਵੇ ਮਝੈਲੀ ਲਹਿਜੇ 'ਚ ਮੋੜਵਾਂ ਸਵਾਲ ਦਾਗ਼ਿਆ-ਉਹ ਭਾਊ ਕਾਤ੍ਹੋਂ? ਮੈਂ ਧੀਮੀ ਆਵਾਜ਼ 'ਚ ਦੱਸਿਆ- ਕਦੇ ਮੈਂ ਤੁਹਾਡੇ ਬਾਰੇ ਕੁਝ ਲਿਖਾਂਗਾ।
ਉਨ੍ਹਾਂ ਨੂੰ ਮੇਰੀ ਤਜ਼ਵੀਜ਼ ਪਸੰਦ ਆਈ। ਅਸੀਂ 'ਕੁਝ ਲਿਖਣ' ਦਾ ਸੋਚ ਕੇ ਰੋਜ਼ਾਨਾਂ ਡੇਢ-ਦੋ ਘੰਟੇ ਗੱਲਾਂ ਕਰਨ ਲੱਗੇ।
ਗਿੱਲ ਸਾਹਿਬ ਦੀਆਂ ਗੱਲਾਂ ਸਨ ਕਿ ਕੋਈ ਠਾਠਾਂ ਮਾਰਦਾ ਦਰਿਆ। ਉਨ੍ਹਾਂ ਦੀਆਂ ਗੱਲਾਂ 'ਚ ਪੰਜਾਬ ਮਹਿਕਦਾ। ਉਨ੍ਹਾਂ ਦੀਆਂ ਗੱਲਾਂ ਪੌਣ ਦੇ ਬੁੱਲੇ ਵਰਗੀਆਂ ਹੁੰਦੀਆਂ, ਜਿਨ੍ਹਾਂ ਨੂੰ ਡੱਕਣਾ ਨਾ-ਮੁਮਕਿਨ ਸੀ। ਮੈਂ ਨਿੱਕੇ-ਨਿੱਕੇ ਸਵਾਲ ਕਰਦਾ ਤੇ ਉਹ ਵੱਡੇ-ਵੱਡੇ ਜਵਾਬ ਬਖ਼ਸ਼ਦੇ। ਆਖ਼ਰ ਇੱਕ ਦਿਨ ਉਨ੍ਹਾਂ ਆਪਣੇ ਖ਼ਾਸ ਅੰਦਾਜ਼ 'ਚ ਹੁਕਮ ਕੀਤਾ-ਬਹੁਤ ਹੋ ਗਿਆ ਭਾਊ। ਹੁਣ ਇਹਨੂੰ ਟਾਈਪ ਕਰਕੇ ਛਾਪ ਸੁੱਟ!
ਮੈਂ ਉਨ੍ਹਾਂ ਗੱਲਾਂ ਨੂੰ ਮੁੜ-ਮੁੜ ਸੁਣਦਾ ਗਿਆ, ਟਾਈਪ ਕਰਦਾ ਗਿਆ ਤੇ ਲੋੜ ਅਨੁਸਾਰ ਸੋਧਦਾ ਵੀ ਗਿਆ। ਉਹ ਗੱਲਾਂ ਜੋ ਅਸੀਂ ਅੰਦਾਜ਼ਨ ਡੇਢ-ਦੋ ਮਹੀਨੇ ਫੋਨ 'ਤੇ ਕੀਤੀਆਂ ਸਨ, ਅੱਜ 'ਯਾਦਾਂ' ਸਿਰਲੇਖ ਹੇਠ, ਇੱਕ ਕਿਤਾਬ ਦੀ ਸ਼ਕਲ 'ਚ ਤੁਹਾਡੇ ਸਾਹਮਣੇ ਨਮੂਦਾਰ ਹੋ ਗਈਆਂ ਨੇ। ਉਮੀਦ ਹੈ ਕਿ ਇੱਕ ਸਾਬਕਾ ਵੱਡੇ ਅਫ਼ਸਰ, ਵਜ਼ੀਰ ਪਰ ਸੱਚੇਸੁੱਚੇ ਪੰਜਾਬੀ ਦੀਆਂ ਸ਼ਬਦਾਂ 'ਚ ਢਲ਼ੀਆਂ ਇਹ 'ਯਾਦਾਂ' ਤੁਹਾਨੂੰ ਪਸੰਦ ਆਉਣਗੀਆਂ।
- ''ਸਾਂਵਲ ਧਾਮੀ''