ਮੈਨੂੰ ਲੱਗਿਆ ਰਾਸ਼ਟਰ ਆਪਣੇ ਅੰਤ ਵੱਲ ਜਾ ਰਿਹਾ ਹੈ।
ਜਦੋਂ ਖ਼ੁਸ਼ਵੰਤ ਸਿੰਘ ਨੇ ਸੱਤਰ ਸਾਲ ਪਹਿਲਾਂ ਦੇਸ਼ ਦੀ ਵੰਡ ਵੇਖੀ ਤਾਂ ਉਸਨੂੰ ਲੱਗਾ ਸੀ ਦੇਸ਼ ਆਪਣੇ ਨਾਲ ਜਿੰਨਾ ਮਾੜਾ ਕਰ ਸਕਦਾ ਸੀ, ਉਹ ਉਸਦੀ ਇੰਤਹਾ ਵੇਖ ਚੁੱਕਾ ਹੈ। ਪਰ 2002 ਦੇ ਗੁਜਰਾਤ ਦੇ ਕਤਲੇਆਮ ਤੋਂ ਬਾਅਦ ਉਸਦੇ ਕੋਲ ਇਹ ਮਹਿਸੂਸ ਕਰਨ ਦੇ ਪੁਖ਼ਤਾ ਕਾਰਨ ਸਨ ਕਿ ਸ਼ਾਇਦ ਇੰਤਹਾ ਹੋਣੀ ਅਜੇ ਬਾਕੀ ਹੈ।
2002 ਵਿੱਚ ਗੁਜਰਾਤ ਵਿੱਚ ਹੋਈ ਫਿਰਕੂ ਹਿੰਸਾ, 1984 ਦੇ ਸਿੱਖ ਵਿਰੋਧੀ ਦੰਗੇ, ਗ੍ਰਾਹਮ ਗਰੀਨ ਤੇ ਉਸਦੇ ਬੱਚਿਆਂ ਨੂੰ ਜ਼ਿੰਦਾ ਸਾੜਿਆ ਜਾਣਾ, ਪੰਜਾਬ ਤੇ ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਦਾ ਵਿਸ਼ਲੇਸ਼ਣ ਕਰਦਿਆਂ, ਖੁਸ਼ਵੰਤ ਸਿੰਘ ਸਾਨੂੰ ਧਰਮ ਵਿੱਚ ਆਏ ਨਿਘਾਰ ਨੂੰ ਵੇਖਣ ਲਈ ਮਜਬੂਰ ਕਰਦਾ ਹੈ ਜਿਸਨੇ ਸਾਨੂੰ ਇਸ ਧਰਤੀ ਤੇ ਸਭ ਤੋਂ ਵੱਧ ਕਰੂਰ ਇਨਸਾਨ ਬਣਾ ਦਿੱਤਾ ਹੈ। ਉਹ ਇਸ ਗੱਲ ਵੱਲ ਉਂਗਲੀ ਕਰਦਾ ਹੈ ਕਿ ਮੂਲਵਾਦ ਦਾ ਰਾਜਨੀਤੀ ਤੋਂ ਸਿਵਾਇ ਧਰਮ ਨਾਲ ਕੋਈ ਵਾਸਤਾ ਨਹੀਂ। ਉਹ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਫਿਰਕੂ ਰਾਜਨੀਤੀ ਰਾਹੀਂ ਸਾਡੇ ਅੰਦਰ ਬੈਠੇ ਸ਼ੈਤਾਨ, ਜਿਸਨੂੰ ਅਸੀਂ ਆਪਣੇ ਅੰਦਰ ਪਾਲਿਆ ਹੈ ਤੇ ਹੁਣ ਉਹ ਸਾਡੇ ਉੱਤੇ ਹੀ ਹਮਲਾਵਰ ਹੋ ਕੇ ਤਬਾਹੀ ਮਚਾ ਰਿਹਾ ਹੈ।
‘ਭਾਰਤ ਦਾ ਅੰਤ’ ਬੇਸ਼ੱਕ ਇੱਕ ਦਲੇਰ ਤੇ ਸੰਵੇਦਨਸ਼ੀਲ ਪੁਸਤਕ ਹੈ ਜਿਹੜੀ ਹਰ ਉਸ ਨਾਗਰਿਕ, ਜਿਹੜਾ ਜੇ ਰਾਸ਼ਟਰ ਲਈ ਨਹੀਂ ਤਾਂ ਆਪਣੇ ਭਵਿੱਖ ਪ੍ਰਤਿ ਚਿੰਤਤ ਹੈ, ਇਸ ਖ਼ਤਰੇ ਪ੍ਰਤਿ ਚੇਤੰਨ ਕਰਦੀ ਹੈ।