ਘੁਮੱਕੜ ਸ਼ਾਸਤਰ, ਦੇ ਲਿਖਣ ਦੀ ਲੋੜ ਮੈਂ ਬਹੁਤ ਦਿਨਾਂ ਤੋਂ ਮਹਿਸੂਸ ਕਰ ਰਿਹਾ ਸੀ। ਮੈਂ ਸਮਝਦਾ ਹਾਂ ਹੋਰ ਵੀ ਸਮਾਨ ਗੁਣਾਂ ਵਾਲ਼ੇ ਪਿਆਰੇ ਇਸਦੀ ਲੋੜ ਨੂੰ ਮਹਿਸੂਸ ਕਰ ਰਹੇ ਹੋਣਗੇ। ਘੁਮੱਕੜੀ ਦਾ ਅੰਕੁਰ ਪੈਦਾ ਕਰਨਾ ਇਸ ਸ਼ਾਸਤਰ ਦਾ ਕੰਮ ਨਹੀਂ ਸਗੋਂ ਜਨਮਜਾਤ ਅੰਕੁਰਾਂ ਦਾ ਪਾਲਣ ਪੋਸ਼ਣ ਅਤੇ ਰਹਿਨੁਮਾਈ ਇਸ ਗ੍ਰੰਥ ਦਾ ਮਨੋਰਥ ਹੈ। ਘੁਮੱਕੜਾਂ ਲਈ ਲਾਭਦਾਇਕ ਸਾਰੀਆਂ ਗੱਲਾਂ ਸੰਖੇਪ ਰੂਪ ਵਿੱਚ ਇੱਥੇ ਆ ਗਈਆਂ ਹਨ, ਇਹ ਕਹਿਣਾ ਉਚਿਤ ਨਹੀਂ ਹੋਵੇਗਾ। ਪਰ ਜੇਕਰ ਮੇਰੇ ਘੁਮੱਕੜ ਮਿੱਤਰ ਆਪਣੀਆਂ ਜਿਗਿਆਸਾਵਾਂ ਅਤੇ ਲੱਭਤਾਂ ਦੁਆਰਾ ਸਹਾਇਤਾ ਕਰਨ, ਤਾਂ ਮੈਂ ਸਮਝਦਾ ਹਾਂ ਅਗਲੇ ਐਡੀਸ਼ਨਾਂ ਵਿੱਚ ਇਸਦੀਆਂ ਕਿੰਨੀਆਂ ਹੀ ਕਮੀਆਂ ਦੂਰ ਕਰ ਦਿੱਤੀਆਂ ਜਾਣਗੀਆਂ।
ਇਸ ਗ੍ਰੰਥ ਦੇ ਲਿਖਣ ਵਿੱਚ ਜਿਨ੍ਹਾਂ ਦੀ ਹੱਲਾਸ਼ੇਰੀ ਅਤੇ ਪ੍ਰੇਰਨਾ ਮਿਲ਼ੀ, ਉਨ੍ਹਾਂ ਸਭ ਦੇ ਲਈ ਮੈਂ ਦਿਲੀ ਤੌਰ ਤੇ ਰਿਣੀ ਹਾਂ। ਸ਼੍ਰੀ ਮਹੇਸ਼ ਜੀ ਅਤੇ ਸ਼੍ਰੀ ਕਮਲਾ ਪਰਵਾਰ (ਹੁਣ ਸਾਂਕ੍ਰਿਤਿਆਇਨ) ਨੇ ਆਪਣੀ ਕਲਮ ਦੁਆਰਾ ਜਿਸ ਤਤਪਰਤਾ ਨਾਲ਼ ਸਹਾਇਤਾ ਕੀਤੀ, ਉਸ ਦੇ ਲਈ ਉਨ੍ਹਾਂ ਨੂੰ ਮੈਂ ਆਪਣੇ ਅਤੇ ਪਾਠਕਾਂ ਵਲੋਂ ਵੀ ਧੰਨਵਾਦ ਦੇਣਾ ਚਾਹੁੰਦਾ ਹਾਂ। ਉਨ੍ਹਾਂ ਦੀ ਸਹਾਇਤਾ ਬਿਨਾਂ ਸਾਲਾਂ ਤੋਂ ਮਸਤਕ ਵਿੱਚ ਚੱਕਰ ਲਗਾਉਂਦੇ ਵਿਚਾਰ ਕਾਗ਼ਜ਼ ਉੱਤੇ ਨਾ ਉੱਤਰ ਸਕਦੇ।
-ਰਾਹੁਲ ਸਾਂਕ੍ਰਿਤਿਆਇਨ (8 ਅਗਸਤ 1949)