ਮੁੱਢ ਕਦੀਮ ਤੋਂ ਸਾਡੇ ਸਮਾਜਿਕ ਤਾਣੇ-ਬਾਣੇ ਦੀ ਹਾਲਤ ਕੁਝ ਏਦਾਂ ਦੀ ਰਹੀ ਹੈ ਕਿ ਔਰਤ ਜੋ ਕਿ ਸਿਰਜਣਹਾਰ ਤੋਂ ਬਾਅਦ ਇਨਸਾਨੀ ਨਸਲ ਨੂੰ ਅੱਗੇ ਤੋਰਨ ਦੀ ਜਿੰਮੇਵਾਰ ਹੈ, ਉਹ ਆਪ ਮਰਦ ਵਰਗ ਦੀ ਧੱਕੇਸ਼ਾਹੀ ਦਾ ਸ਼ਿਕਾਰ ਮੁੱਢਲੇ ਮਨੁੱਖੀ ਅਧਿਕਾਰਾਂ ਤੋਂ ਵੀ ਵੰਚਿਤ ਬਰਾਬਰੀ ਦਾ ਜੀਵਨ ਨਹੀਂ ਜੀਅ ਪਾਈ। ਇਸਲਾਮਿਕ ਦੇਸ਼ਾਂ ਵਿਚ ਖਾਸ ਤੌਰ 'ਤੇ ਇਸ ਬੇ ਇਨਸਾਫ਼ੀ ਵਿਰੁੱਧ ਸਫ਼ੀਆ ਹਯਾਤ ਦੀ ਸ਼ਾਇਰੀ ਬੜੀ ਖ਼ੂਬਸੂਰਤੀ ਨਾਲ ਦੱਬੀ ਧਿਰ ਦੀ ਆਵਾਜ਼ ਬਣ ਕੇ ਉੱਭਰਦੀ ਹੈ, ਭਾਵੇਂ ਉਹ ਸਿਆਸੀ ਧੱਕੇਸ਼ਾਹੀਆਂ ਵਿਰੁੱਧ ਹੋਵੇ ਜਾਂ ਸਮਾਜੀ, ਜਾਂ ਮਜ਼ਹਬੀ ਜਾਂ ਮਾਲੀ ਹਾਲਤਾਂ ਵਿਰੁੱਧ ਹੋਵੇ। ਜਦੋਂ ਉਹ ਕਹਿੰਦੀ ਹੈ ਕਿ ‘ਢਿੱਡ ਭੁੱਖਾ ਹੋਵੇ ਤਾਂ ਮੁੱਲਾਂ ਦੀ ਬਾਂਗ ਨਹੀਂ ਸੁਣਦੀ।’ ਦੋ ਲਫ਼ਜ਼ਾਂ 'ਚ ਸਭ ਨੂੰ ਚਿੱਤ ਕਰ ਦਿੰਦੀ ਹੈ। ਇਸ ਤੋਂ ਵੀ ਅੱਗੇ ਉਹ ਪੰਜਾਬ ਦੀ ਮਿੱਟੀ ਦੀ ਵੰਡ ਤੋਂ ਦੁਖੀ ਹੋਣ ਦੇ ਬਾਵਜੂਦ, ਸਕਾਰਾਤਮਕ ਸੋਚ ਦਾ ਪੱਲਾ ਨਹੀਂ ਛੱਡਦੀ ਤੇ ਪਾਣੀਆਂ 'ਤੇ ਵੱਜੀ ਲੀਕ ਦੇ ਮਿਟ ਜਾਣ ਦੇ ਯਕੀਨ ਨਾਲ ਜਾਂਦੀ ਹੈ। ਬਾਬੇ ਨਾਨਕ ਦੇ ਸਿਦਕ/ਸੋਚ ਨੂੰ ਨਾਲ ਲੈ ਕੇ ਚੱਲ ਰਹੀ ਦੋਵਾਂ ਪੰਜਾਬਾਂ ਦੀ ਸ਼ਾਇਰਾ ਦੀ ਸ਼ਾਇਰੀ ਨੂੰ ਇੱਧਰ ਭਰਵਾਂ ਹੁੰਗਾਰਾ ਮਿਲੇਗਾ, ਮੈਨੂੰ ਪੂਰਾ ਯਕੀਨ ਹੈ।
- ਤਰਲੋਕ ਬੀਰ