ਕੋਈ ਵਜ੍ਹਾ ਨਹੀਂ ‘ਗੋਰੀ’ ਨਾਵਲਿਟ ਨਾ ਪੜ੍ਹਿਆ ਜਾਵੇ, ਲੋਕ ਉਸ ਨੂੰ ਹੱਥਾਂ ਉਤੇ ਨਾ ਚੁੱਕਣ, ਇਸ ਵਿਚ ਕੁਝ ਵੀ ਫ਼ਾਲਤੂ ਨਹੀਂ। ਛੋਟੇ ਤੇ ਚੁਸਤ ਵਾਕਾਂ ਵਾਲੀ ਵਾਰਤਕ ਲਹਿਰ ਲਹਿਰ ਉਸਾਰ ਨੂੰ ਵਧਦੀ ਹੈ। ਪਾਠਕ ਦਾ ਆਪਣਾ ਜਜ਼ਬਾ ਉਡ ਕੇ ਵਹਿ ਤੁਰਦਾ ਹੈ, ਤੇ ਫਿਰ ਇਕ ਹਸਰਤ, ਹਉਂਕਾ ਸੰਘ ਵਿਚ ਅਟਕਾਈ, ਅਨੁਭਵ ਦੀ ਅਵਸਥਾ ਵਿਚ ਸਤੰਭ ਹੋ ਜਾਂਦੀ ਹੈ। ਨਾਵਲਿਟ ਸਹਿਜ ਹੀ ਪਲਕਾਂ ਜੋੜ ਲੈਂਦਾ ਹੈ। ਪਰ ਨਸ਼ਾ ਉਤਾਰਾਂ-ਚੜ੍ਹਾਵਾਂ ਵਿਚ ਗੋਤੇ ਖਾਂਦਾ ਰਹਿੰਦਾ ਹੈ। ਇਹ ਹੈ ਸਾਹਿਤਕ ਨਸ਼ਾ; ਜਿਹੜਾ ਠੇਕੇ ਦਾ ਰਾਹ ਮੱਲ ਖਲੋਂਦਾ ਹੈ। ਲੇਖਕ ਨੂੰ ਸੁਚੱਜੀ ਰਚਨਾ ਕਰਨ ਤੇ ਵਧਾਈ ਦੇਣ ਨਾਲੋਂ ‘ਗੋਰੀ’ ਨੂੰ ਲੋਕਾਂ ਦੇ ਹੱਥਾਂ ਵਿਚ ਲੈ ਜਾਣ ਦੀ ਕਿਤੇ ਵੱਧ ਲੋੜ ਹੈ, ਲੋਕਾਂ ਦੀ ਰਚਨਾ ਜੇ ਲੋਕਾਂ ਤੱਕ ਨਹੀਂ ਪਹੁੰਚਦੀ, ਇਹ ਦੋਸ਼ ਲੇਖਕ ਦਾ ਨਹੀਂ ਪਬਲਿਸ਼ਰ ਦਾ ਹੋਵੇਗਾ।
- ਜਸਵੰਤ ਸਿੰਘ ਕੰਵਲ
ਪਿੰਡ ਢੁੱਡੀਕੇ, ਮੋਗਾ।