ਮੈਕਸਿਮ ਗੋਰਕੀ ਨੇ ਆਪਣੀ ਕਿਤਾਬ ਸਾਹਿਤ ਬਾਰੇ ਵਿੱਚ ਇਸ ਕਹਾਣੀ ਨੂੰ ਪੜ੍ਹਨ ਦਾ ਆਪਣਾ ਤਜਰਬਾ ਲਿਖਿਆ ਹੈ : “ਮੈਨੂੰ ਯਾਦ ਹੈ ਟ੍ਰਿਨਿਟੀ ਤਿਉਹਾਰ ਦੇ ਐਤਵਾਰ ਵਾਲੇ ਦਿਨ , ਜਦੋੰ ਹੇਠਾਂ ਚਲ ਰਹੀ ਮੌਜ ਮਸਤੀ ਤੋਂ ਬਚਣ ਲਈ ਸ਼ੈੱਡ ਦੀ ਛੱਤ 'ਤੇ ਬਹਿ ਕੇ ਮੈਂ ਫਲਾਬੇਅਰ ਦੀ ਕਹਾਣੀ "ਸਾਦਾ ਦਿਲ" ਪੜ੍ਹੀ ਸੀ । ਮੈਂ ਇਸ ਕਹਾਣੀ ਦੀ ਰਚਨਾ ਤੋਂ ਹੱਕਾ ਬੱਕਾ ਰਹਿ ਗਿਆ ਤੇ ਮੈਨੂੰ ਆਸ ਪਾਸ ਦੀ ਕੋਈ ਸੁਰਤ ਨਹੀਂ ਸੀ ਰਹੀ. ਇੱਕ ਸਾਦੀ ਜਿਹੀ ਬਾਵਰਚਣ ਔਰਤ, ਜਿਸਨੇ ਨਾ ਕੋਈ ਮਹਾਨ ਕੰਮ ਕੀਤੇ ਸਨ ਤੇ ਨਾ ਕਿਸੇ ਤਰ੍ਹਾਂ ਦੇ ਕੋਈ ਜੁਰਮ , ਦੀ ਕਹਾਣੀ ਨੇ ਹੇਠਾਂ ਚੱਲ ਰਹੇ ਸਾਰੇ ਸ਼ੋਰ ਸ਼ਰਾਬੇ ਨੂੰ ਠੱਪ ਕਰ ਦਿੱਤਾ ਸੀ.ਬੜਾ ਔਖਾ ਸੀ ਇਹ ਸਮਝਣਾ ਕਿ ਇੱਕ ਬਾਵਰਚਣ ਦੀ "ਸਾਦੀ" ਜ਼ਿੰਦਗੀ ਨੂੰ ਬਿਆਨ ਕਰਨ ਲਈ ਪਰੋਏ ਗਏ ਐਨੇ ਸਾਦੇ ਤੇ ਜਾਣੇ ਪਛਾਣੇ ਸ਼ਬਦ ਮੈਨੂੰ ਇਸ ਤਰ੍ਹਾਂ ਕਿਉੰ ਪ੍ਰਭਾਵਿਤ ਕਰ ਰਹੇ ਸਨ. ਮੈਂ ਚਾਹੁੰਦਾ ਸਾਂ ਕਿ ਸਾਰੀ ਦੁਨੀਆ ਵਿੱਚੋਂ ਕੋਈ ਤਾਂ ਮੇਰੇ ਉੱਤੇ ਹੋ ਰਹੇ ਇਸ ਕਿਤਾਬ ਦੇ ਜਾਦੂ ਨੂੰ ਵੇਖੇ ਤੇ ਮੈਂ ਇਹ ਵੀ ਕਬੂਲਦਾ ਹਾਂ ਕਿ ਕਈ ਵਾਰ, ਗੰਵਾਰਾਂ ਵਾਂਗ, ਮੈਂ ਕਿਤਾਬ ਦੇ ਵਰਕਿਆਂ ਨੂੰ ਚਾਨਣ 'ਚ ਕਰ ਕਰ ਕੇ ਵੇਖਦਾ ਸਾਂ , ਕਿ ਮੈਨੂੰ ਕਿਤੋਂ ਤਾਂ ਸਤਰਾਂ ਵਿਚਲੇ ਜਾਦੂ ਦਾ ਰਹੱਸ ਪਤਾ ਲੱਗੇ , ਤੇ ਮੈਨੂੰ ਕੋਈ ਹੋਸ਼ ਨਹੀਂ ਸੀ ਕਿ ਮੈਂ ਕੀ ਕਰ ਰਿਹਾ ਹਾਂ.” ਉਮੀਦ ਹੈ ਕਹਾਣੀ ਦਾ ਜਾਦੂ ਪਾਠਕਾਂ ਨੂੰ ਯਥਾਰਥ ਦੇ ਹੋਰ ਨੇੜੇ ਲੈ ਜਾਵੇਗਾ ਤੇ ਦੋ ਸੌ ਸਾਲ ਪਹਿਲਾਂ ਫਰਾਂਸ ਦੇ ਸਾਦੇ ਜਿਹੇ ਪਿੰਡ ਪੋਂਲੇਵਕ ਵਿੱਚ ਰਹਿੰਦੀ ਸਾਦਾ ਦਿਲ ਔਰਤ ਫੇਲੀਸੀਤੇ ਦੀ ਕਹਾਣੀ ਉਹਨਾਂ ਨੂੰ ਆਪਣੀ , ਜਾਂ ਆਪਣੇ ਆਸ ਪਾਸ ਦੇ ਕਿਸੇ ਜੀਅ ਦੀ ਕਹਾਣੀ ਲੱਗੇਗੀ.