ਇਹ ਨਾਵਲ ਬਾਲਾਂ ਲਈ ਹੈ ਅਤੇ ਅੱਜ ਦੇ ਬਾਲ ਕੱਲ੍ਹ ਦੀ ਸਭਿਅਤਾ ਦੇ ਨੁਮਾਇੰਦੇ ਹੁੰਦੇ ਹਨ। ਅਸੀਂ ਕੁਦਰਤ ਦਾ ਹੀ ਇੱਕ ਹਿੱਸਾ ਹਾਂ। ਕੁਦਰਤ ਸਾਡਾ ਘਰ ਹੈ, ਜਿਵੇਂ ਅਸੀਂ ਘਰ ਨੂੰ ਸੰਭਾਲਦੇ ਹਾਂ, ਕੁਦਰਤ ਨੂੰ ਸੰਭਾਲਣਾ ਵੀ ਸਾਡਾ ਫਰਜ ਹੈ। ਇਸ ਨਾਵਲ ਦੇ ਪਾਤਰ ਸੋਨਾ, ਟਿਲਕੂ ਅਤੇ ਜੀਤੀ ਕੁਦਰਤ ਦੇ ਦੂਸਰੇ ਜੀਵਾਂ ਨਾਲ ਵਿਚਰਦੇ ਹਨ ਤੇ ਉਨ੍ਹਾਂ ਨਾਲ ਮਨ ਦੇ ਸੰਵਾਦ ਕਰਦੇ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਸਮਝਦੇ ਹਨ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੇ ਇਰਾਦੇ ਪੱਕੇ ਕਰਦੇ ਹਨ। ਆਪਣੇ ਇਰਾਦਿਆਂ ਨੂੰ ਅਮਲ ਵਿੱਚ ਢਾਲਣ ਲਈ ਉਹ ਮਿਹਨਤ ਕਰਦੇ ਹਨ ਅਤੇ ਇਹ ਵਿਚਾਰਦੇ ਹਨ ਕਿ ਕੁਦਰਤ ਤੇ ਉਸ ਦੇ ਹੋਰ ਜੀਵ ਮਨੁੱਖ ਦੀ ਸੰਗਤ ਵਿੱਚ ਕਿਵੇਂ ਸੁਰੱਖਿਆ ਅਧੀਨ ਜੀ ਸਕਦੇ ਹਨ; ਇਹ ਉਨ੍ਹਾਂ ਦੇ ਇਰਾਦਿਆਂ ਦਾ ਆਧਾਰ ਹੈ। ਮਨੁੱਖ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਨ ਵਿਰੁੱਧ ਉਨ੍ਹਾਂ ਦੇ ਇਰਾਦੇ ਬੁਲੰਦ ਹਨ, ਕਿਉਂਕਿ ਅੱਜ ਦੇ ਮਨੁੱਖ ਵੱਲੋਂ ਪੈਦਾ ਕੀਤੇ ਜਾਂਦੇ ਦੁੱਖਾਂ ਨੂੰ ਖਤਮ ਕਰਨ ਲਈ ਉਹ ਤਿਆਰ ਹਨ। ਕੁਦਰਤ ਦੇ ਨਾਲ ਰਹਿਣਾ ਦੁੱਧ ਨਾਲ ਭਰੇ ਕਟੋਰੇ ਉੱਤੇ ਤਰ ਰਹੇ ਫੁੱਲ ਵਾਂਗ ਹੁੰਦਾ ਹੈ; ਫੁੱਲ ਨਾਲ ਦੁੱਧ ਛਲਕਦਾ ਨਹੀਂ, ਡੁੱਲ੍ਹਦਾ ਨਹੀਂ, ਇੰਝ ਹੀ ਕੁਦਰਤ ਬਾਰੇ ਅਤੇ ਉਸ ਦੀ ਸਫਾਈ ਅਤੇ ਉਸ ਦੇ ਹੋਰਾਂ ਜੀਵਾਂ ਪ੍ਰਤੀ ਪਿਆਰ ਤੇ ਫਿਕਰ ਕਰਿਆਂ, ਅਸੀਂ ਵੀ ਉਸ ਕੁਦਰਤ ਦੇ ਸਹਾਇਕ ਹੋ ਕੇ ਜੀਉ ਸਕਦੇ ਹਾਂ। ਇੰਝ ਹੀ ਉਸ ਦੇ ਜੀਅ ਸੁਰਖਿੱਅਤ ਰਹਿ ਸਕਦੇ ਹਨ ਤੇ ਵਾਤਾਵਰਣ ਸਾਫ਼ ਸੁਥਰਾ ਰੱਖਿਆ ਜਾ ਸਕਦਾ ਹੈ ਜਿਸ ਵਿੱਚ ਮਨੁੱਖ ਤੇ ਦੂਸਰੇ ਜੀਵਾਂ ਨੇ ਰਹਿਣਾ ਹੈ। ਇਸ ਨਾਵਲ ਦੀ ਇਹ ਕਹਾਣੀ ਉਪਰੋਕਤ ਦੱਸੇ ਪਾਤਰਾਂ ਤੋਂ ਬਿਨਾਂ, ਕੁਝ ਜਾਨਵਰਾਂ, ਪੰਛੀਆਂ ਤੇ ਮਨੁੱਖਾਂ ਦੁਆਲੇ ਵੀ ਘੁੰਮਦੀ ਹੈ। ਮੈਨੂੰ ਬਹੁਤ ਆਸ ਹੈ ਕਿ ਇਸ ਨਾਵਲ ਨੂੰ ਬਾਲ ਜ਼ਰੂਰ ਸਮਝਣਗੇ, ਪਰ ਜੇ ਕੋਈ ਵਡੇਰਾ ਉਨ੍ਹਾਂ ਨੂੰ ਇਸ ਨਾਵਲ ਬਾਰੇ ਹੋਰ ਵਿਸਥਾਰ ਵਿੱਚ ਸਮਝਾਵੇਗਾ, ਤਦ ਉਹ ਵੀ ਸਾਰੇ ਇੱਕ ਦਿਨ ਇਸ ਨਾਵਲ ਦੇ ਪਾਤਰ ਸੋਨਾ, ਟਿਲਕੂ ਅਤੇ ਜੀਤੀ ਵਰਗੇ ਹੋ ਜਾਵਣਗੇ।
ਸਾਰੇ ਬੱਚੇ ਅਤੇ ਕੁਦਰਤ ਸਾਡਾ ਸੰਸਾਰ ਹਨ ਅਤੇ ਇਹ ਨਾਵਲ ਇਸੇ ਖਿਆਲ ’ਤੇ ਲਿਖਿਆ ਗਿਆ ਹੈ।
ਗ.ਸ. ਨਕਸ਼ਦੀਪ ਪੰਜਕੋਹਾ