ਨਾਟਕ ‘ਬਾਬਰ ਦੀ ਮੌਤ’ ਦੇ ਸ਼ੁਰੂਆਤੀ ਸ਼ਬਦ ਇਹ ਹਨ “ਸਟੇਜ ’ਤੇ ਹਰ ਰੋਜ਼ ਨਾਟਕ ਖੇਡੇ ਜਾਂਦੇ ਹਨ, ਪਰ ਉਨ੍ਹਾਂ ਵਿਚੋਂ ਕਿੰਨੇ ਅਰਥਾਂ ਦੇ ਲਿਹਾਜ਼ ਨਾਲ ਸੰਪੂਰਨ ਹੁੰਦੇ ਹਨ? ਅਸਲ ਵਿਚ ਕੱਚਾਪਣ ਸਟੇਜ ਦਾ ਇਕ ਕਾਨੂੰਨ ਹੈ। ਜੇਕਰ ਕਿਸੇ ਨਾਟਕ ਦਾ ਪਹਿਲਾ ਐਕਟ ਸ਼ਾਨਦਾਰ ਹੈ ਤਾਂ ਉਸ ਦੇ ਅਖ਼ੀਰਲੇ ਐਕਟ ਪਹਿਲੇ ਐਕਟ ਦੀ ਜਾਨ ਦੇ ਕਦਮਾਂ ਵਿਚ ਦਮ ਤੋੜਦੇ ਨਜ਼ਰ ਆਉਣਗੇ। ਜੇ ਕਿਸੇ ਨਾਟਕ ਦਾ ਅੰਤ ਚੰਗਾ ਹੈ ਤਾਂ ਆਰੰਭ ਬੁਰਾ ਹੈ। ਕਲਾਈਮੈਕਸ ਹੈ ਤਾਂ ਸਸਪੈਂਸ ਨਹੀਂ ਹੋਵੇਗਾ, ਜੇ ਸਸਪੈਂਸ ਹੈ ਤਾਂ ਕਲਾਈਮੈਕਸ ਨਹੀਂ ਹੋਵੇਗਾ..." ਇਉਂ ਲੱਗਦਾ ਹੈ ਜਿਵੇਂ ਕੋਈ ਉੱਤਰ-ਆਧੁਨਿਕ ਨਾਟਕਕਾਰ ਆਪਣੇ ਨਾਟਕਾਂ ਦਾ ਕਾਵਿਸ਼ਾਸ਼ਤਰ ਬਿਆਨ ਕਰ ਰਿਹਾ ਹੋਵੇ। ਮੰਟੋ ਨੂੰ ਆਪਣੇ ਨਾਟਕਾਂ ਦੀ ਕਚਿਆਈ ਦਾ ਪਤਾ ਸੀ ਅਤੇ ਇਹ ਵੀ ਪਤਾ ਸੀ ਕਿ ਨਾਟਕਾਂ ਦੀ ਕਚਿਆਈ ਵਿਚ ਜ਼ਿੰਦਗੀ ਦੀਆਂ ਪਰਤਾਂ ਫਰੋਲਣਵਾਲਾ ਉਸ ਦਾ ਪਲ-ਪਲ ਜ਼ਿੰਦਗੀ ਬਾਰੇ ਬਦਲਦਾ ਤਸੱਵਰ ਹੈ।
ਉਸ ਦੇ ਨਾਟਕ ਕੁਝ ਕੱਚੇ ਤੇ ਕੁਝ ਪੱਕੇ ਸਾਡੇ ਸਾਹਮਣੇ ਜ਼ਿੰਦਗੀ ਦੀ ਤਸਵੀਰ ਪੇਸ਼ ਕਰਨ ਦਾ ਯਤਨ ਹਨ, ਜ਼ਿੰਦਗੀ ਜੋ ਤਿੜਕੀ ਹੋਈ ਹੈ, ਜੋ ਟੁੱਟ ਰਹੀ ਹੈ, ਤਿਲਕ ਰਹੀ ਹੈ, ਜਿਸ ਨੂੰ ਜਿਉਂਦਿਆਂ ਬੰਦਾ ਤਿਲ-ਤਿਲ ਕਰ ਕੇ ਮਰਦਾ ਹੈ। ਮੰਟੋ ਨੇ ਜ਼ਿੰਦਗੀ ਨੂੰ ਕਦੇ ਵਿਚਾਰਧਾਰਕ ਚੌਖਟਿਆਂ ਵਿਚ ਮੜ੍ਹ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।......
ਮੈਂ ਮੰਟੋ ਨੂੰ ਕਈ ਵਾਰ ਪੜ੍ਹਨ ਤੋਂ ਬਾਅਦ ਉਸ ਨੂੰ ਸਮਝਣ ਵਿਚ ਨਾਕਾਮਯਾਬ ਰਿਹਾ ਹਾਂ। ਮੈਂ ਕਈ ਵਰ੍ਹਿਆਂ ਤੋਂ ਉਸ ਬਾਰੇ ਨਾਟਕ ਲਿਖਣ ਦਾ ਅਸਫ਼ਲ ਯਤਨ ਕਰਦਾ ਰਿਹਾ ਹਾਂ। ਅੱਧ ਲਿਖੇ ਨਾਟਕ ਦੇ ਦੋ ਅੰਕ ਮੈਂ ਤੇਜਵੰਤ ਸਿੰਘ ਗਿੱਲ ਹੋਰਾਂ ਨੂੰ 2017 ਵਿਚ ਸ਼ਿਲਾਂਗ ਵਿਚ ਸੁਣਾਏ ਸਨ। ਮੈਂ ਉਸ ਨਾਟਕ ਦਾ ਤੀਜਾ ਅੰਕ ਨਹੀਂ ਲਿਖ ਸਕਿਆ। ਪਵਨ ਟਿੱਬਾ ਅਤੇ ਨਿਰਮਲਜੀਤ ਦੇ ਅਨੁਵਾਦ ਕੀਤੇ ‘ਮੰਟੋਨਾਮਾ- ਭਾਗ ਪਹਿਲਾ-ਮੰਟੋ ਦੇ ਸਾਰੇ ਡਰਾਮੇ' ਕਿਤਾਬ ਨੇ ਮੈਨੂੰ ਮੰਟੋ ਨੂੰ ਪੜ੍ਹਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਮੈਨੂੰ ਇਸ ਕਿਤਾਬ ਦਾ ਦੀਬਾਚਾ (ਭੂਮਿਕਾ) ਲਿਖਣ ਲਈ ਕਿਹਾ। ਮੈਂ ਦੀਬਾਚੇ ਲਿਖਦਿਆਂ ਬਹੁਤ ਸਮਾਂ ਲਗਾਉਂਦਾ ਹਾਂ ਪਰ ਮੈਂ ਇਹ ਦੀਬਾਚਾ ਜਲਦੀ ਵਿਚ ਲਿਖ ਰਿਹਾ ਹਾਂ।
- ਸਵਰਾਜਬੀਰ