ਅੰਜੁਮ ਦੀ ਸੁਹਜ ਚੇਤਨਾ ਦੀ ਡੂੰਘਾਈ, ਬਾਰੀਕਬੀਨੀ ਤੇ ਬਹੁ-ਪਰਤਤਾ ਦੇ ਲਿਸ਼ਕਾਰੇ ਉਹਦੀ ਸ਼ਾਇਰੀ ਵਿਚ ਪੈਂਦੇ ਵੇਖੇ ਤਾਂ ਤਬੀਅਤ ਖ਼ੁਸ਼ ਹੋ ਗਈ। ਰਵਾਇਤ ਤੇ ਜਦੀਦੀਅਤ ਜਿੱਥੇ ਰਲ ਕੇ ਕਿੱਕਲੀ ਪਾਉਂਦੀਆਂ ਹਨ, ਉਹ ਅੰਜੁਮ ਸਲੀਮੀ ਦੀ ਸ਼ਾਇਰੀ ਦਾ ਪਿੜ ਹੈ। ਇਸ ਕਿਤਾਬ ਵਿਚ ਗ਼ਜ਼ਲਾਂ ਵੀ ਹਨ, ਗੀਤ ਵੀ, ਟੱਪੇ ਵੀ, ਛੰਦ ਯੁਕਤ ਨਜ਼ਮ ਵੀ, ਨਸਰੀ ਨਜ਼ਮ ਵੀ। ਉਹਨੇ ਰਵਾਇਤੀ ਕਾਵਿ ਸ਼ੈਲੀਆਂ ਦੇ ਨਾਲ ਨਾਲ ਜਦੀਦ ਤਰੀਨ ਕਾਵਿ ਸ਼ੈਲੀਆਂ ਵੀ ਵਰਤੀਆਂ ਹਨ, ਪਰ ਆਪਣੀ ਰਹਿਤਲ, ਭਾਸ਼ਾਈ ਮੁਹਾਵਰੇ ਤੇ ਮਿੱਟੀ ਦੀ ਮਹਿਕ ਨੂੰ ਗੁਆਚਣ ਨਹੀਂ ਦਿੱਤਾ।
- ਜਸਪਾਲ ਘਈ
ਅੰਜੁਮ ਸਲੀਮੀ ਦਾ ਪੰਜਾਬ ਲਹਿੰਦਾ ਜਾਂ ਚੜ੍ਹਦਾ ਨਹੀਂ, ਸਗੋਂ ਖ਼ਾਲਸ ਪੰਜਾਬ ਹੈ। ਅਧੂਰਾ ਪੰਜਾਬ ਉਹਦੀ ਚੇਤਨਾ ਦਾ ਹਿੱਸਾ ਨਹੀਂ ਸਗੋਂ ਪੂਰਾ ਪੰਜਾਬ ਉਸਦੀ ਸਿਰਜਣਾ ਦੀ ਸ਼ਕਤੀ ਹੈ। ਉਸਦੀ ਕਵਿਤਾ ਮਨੁੱਖੀ ਮਨ ਦੀ ਧੁਰ ਅੰਦਰ ਦੀਆਂ ਪੀੜਾਂ ਦਾ ਤਰਜਮਾ ਕਰਦੀ ਹੈ। ਉਸਦੀ ਕਵਿਤਾ ਦਾ ਮੁਹਾਂਦਰਾ ਬਿਲਕੁਲ ਅੱਡਰਾ ਹੈ। ਇਸੇ ਲਈ ਉਸਦੀ ਪੀੜ ਇਸ ਗੱਲ ਵਿੱਚ ਪਈ ਹੈ ਕਿ
“ਹੁਣ ਸਾਨੂੰ ਗਿਲਾ ਏ
ਸਾਡੇ ਗੀਤ ਡੋਰਿਆਂ ਨੇ ਸੁਣੇ
ਤੇ ਥੱਥਿਆਂ ਨੇ ਗਾਏ”
- ਹਰਮੀਤ ਵਿਦਿਆਰਥੀ