ਸਾਰੀ ਜ਼ਿੰਦਗੀ ਕ੍ਰਿਸ਼ਨਾਮੂਰਤੀ ਨੇ ਗੁਰੂ ਦੇ ਉਸ ਦਰਜੇ ਨੂੰ ਬੜੀ ਸ਼ਿੱਦਤ ਨਾਲ ਨਕਾਰਿਆ ਜਿਸਨੂੰ ਦੂਜੇ ਉਨ੍ਹਾਂ ਉੱਤੇ ਥੋਪਣ ਦੀਆਂ ਕੋਸ਼ਿਸ਼ਾਂ ਕਰਦੇ ਸਨ। ਦੁਨੀਆ ਭਰ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਵੱਲ ਖਿੱਚੇ ਜਾਂਦੇ ਰਹੇ ਪਰ ਉਨ੍ਹਾਂ ਨੇ ਕਦੇ ਕਿਸੇ ਸੱਤਾ ਦਾ ਦਾਅਵਾ ਨਹੀਂ ਕੀਤਾ, ਉਹ ਕੋਈ ਚੇਲੇ ਬਣਾਉਣਾ ਨਹੀਂ ਸਨ ਚਾਹੁੰਦੇ, ਅਤੇ ਹਮੇਸ਼ਾ ਉਨ੍ਹਾਂ ਨੇ ਇਸੇ ਤਰ੍ਹਾਂ ਗੱਲ ਕੀਤੀ ਜਿਵੇਂ ਇੱਕ ਆਮ ਸ਼ਖਸ ਕਿਸੇ ਦੂਜੇ ਬੰਦੇ ਨਾਲ ਕਰਦਾ ਹੈ। ਉਨ੍ਹਾਂ ਦੀ ਸਿੱਖਿਆ ਦੇ ਧੁਰ ਅੰਦਰ ਤਾਈਂ ਇਹੋ ਅਹਿਸਾਸ ਸਮਾਇਆ ਸੀ ਕਿ ਸਮਾਜ ਅੰਦਰ ਇੱਕ ਬੁਨਿਆਦੀ ਤਬਦੀਲੀ ਸਿਰਫ਼ ਵਿਅਕਤੀ ਦੀ ਚੇਤਨਾ ਦੇ ਕਾਇਆ-ਕਲਪ ਨਾਲ ਹੀ ਲਿਆਂਦੀ ਜਾ ਸਕਦੀ ਹੈ। ਖ਼ੁਦ ਨੂੰ ਸਮਝਣ ਅਤੇ ਧਾਰਮਿਕ ਅਤੇ ਕੌਮੀ ਸੰਸਕਾਰਾਂ ਦੇ ਸੌੜੇ ਤੇ ਵਖਰਾਉਣ ਵਾਲੇ ਪ੍ਰਭਾਵਾਂ ਨੂੰ ਸਮਝਣ ਉੱਤੇ ਉਨ੍ਹਾਂ ਨੇ ਹਮੇਸ਼ਾਂ ਜ਼ੋਰ ਦਿੱਤਾ ਸੀ। ਕ੍ਰਿਸ਼ਨਾਮੂਰਤੀ ਨੇ ਹਮੇਸ਼ਾਂ ਖੁੱਲ੍ਹੇਪਣ ਦੀ ਫ਼ੌਰੀ ਲੋੜ ਵੱਲ ਇਸ਼ਾਰਾ ਕੀਤਾ, ‘ਦਿਮਾਗ ਅੰਦਰਲੇ ਉਸ ਖੁੱਲੇ ਆਕਾਸ਼ ਵੱਲ ਜਿਸ ਅੰਦਰ ਇੰਨੀ ਊਰਜਾ ਹੈ ਜਿਸਦਾ ਅੰਦਾਜ਼ਾ ਨਹੀਂ ਹੋ ਸਕਦਾ।’ ਇਹੋ ਉਨ੍ਹਾਂ ਦੀ ਆਪਣੀ ਸਿਰਜਨਸ਼ੀਲਤਾ ਦਾ ਸੋਮਾ ਪ੍ਰਤੀਤ ਹੁੰਦਾ ਹੈ ਤੇ ਉਨ੍ਹਾਂ ਦੇ ਉਸ ਪਾਰਸ-ਪ੍ਰਭਾਵ (catalytic impact) ਦਾ ਵੀ ਜੋ ਉਨ੍ਹਾਂ ਨੇ ਇੰਨੇ ਭਾਂਤ-ਭਾਂਤ ਦੇ ਲੋਕਾਂ ਉੱਤੇ ਛੱਡਿਆ ਸੀ।
ਦੁਨੀਆ ਭਰ ਵਿੱਚ ਆਪਣੀ ਗੱਲ ਕਰਦੇ ਰਹਿਣ ਦਾ ਇਹ ਸਿਲਸਿਲਾ ਕ੍ਰਿਸ਼ਨਾਮੂਰਤੀ ਨੇ ਉਮਰ ਭਰ ਜਾਰੀ ਰੱਖਿਆ, ਉਦੋਂ ਤੱਕ, ਜਦੋਂ 1986 ਵਿੱਚ 90 ਸਾਲ ਦੀ ਉਮਰ ’ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਵਾਰਤਾਵਾਂ, ਸੰਵਾਦਾਂ, ਜਰਨਲਾਂ ਤੇ ਖ਼ਤਾਂ ਨੂੰ 60 ਤੋਂ ਉੱਪਰ ਕਿਤਾਬਾਂ ਅਤੇ ਸੈਂਕੜੇ ਰਿਕਾਰਡਿੰਗਾਂ ਦੇ ਰੂਪ ਵਿੱਚ ਸਾਂਭਿਆ ਗਿਆ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਦੇ ਉਸੇ ਵਿਸ਼ਾਲ ਭੰਡਾਰ ਵਿੱਚੋਂ ਇਨ੍ਹਾਂ ਵਿਸ਼ਾ-ਅਧਾਰਿਤ ਕਿਤਾਬਾਂ ਦੀ ਸਮੱਗਰੀ ਲਈ ਗਈ ਹੈ। ਇਨ੍ਹਾਂ ਵਿੱਚੋਂ ਹਰ ਕਿਤਾਬ ਕਿਸੇ ਇੱਕ ਵਿਸ਼ੇ ਉੱਤੇ ਆਪਣਾ ਧਿਆਨ ਕੇਂਦਰਿਤ ਕਰਦੀ ਹੈ, ਜਿਸਦੀ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਇੱਕ ਖ਼ਾਸ ਅਹਿਮੀਅਤ ਹੈ ਤੇ ਜਿਸਦੀ ਸਾਨੂੰ ਫ਼ੌਰੀ ਲੋੜ ਵੀ ਹੈ।