ਜਦੁਨਾਥ ਸਰਕਾਰ ਇਕ ਅਜਿਹੇ ਇਤਿਹਾਸਕਾਰ ਹਨ ਜਿਹਨਾਂ ਬਾਰੇ ਅੱਜ ਬਹੁਤ ਘੱਟ ਲੋਕ ਚਰਚਾ ਕਰਦੇ ਹਨ ਜਾਂ ਜਾਣਦੇ ਹਨ, ਪਰ ‘ਸਰਕਾਰ’ ਇਕ ਅਜਿਹਾ ਨਾਂ ਹੈ ਜਿਸ ਨੂੰ ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲਾ ਲਗਭਗ ਹਰ ਭਾਰਤੀ ਜਾਣਦਾ ਹੈ। ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਪਹਿਲਾ ਇਤਿਹਾਸਕਾਰ ਕਿਹਾ ਜਾ ਸਕਦਾ ਹੈ ਜਿਸ ਨੇ ਭਾਰਤੀ ਇਤਿਹਾਸ ਨੂੰ ਆਪਣੇ ਸਮਿਆਂ ਅਨੁਸਾਰ ਸਹੀ ਅਰਥਾਂ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਲਿਖਿਆ।
ਔਰੰਗਜ਼ੇਬ ਦੇ ਜੀਵਨ ਉੱਤੇ ਲਿਖੀਆਂ ਕਿਤਾਬਾਂ ਸਰਕਾਰ ਦੀਆਂ ਮੁੱਖ ਰਚਨਾਵਾਂ ਵਿੱਚੋਂ ਇੱਕ ਸੀ ਜੋ ਉਹਨਾਂ ਨੇ ਪੰਜ ਜਿਲਦਾਂ ਵਿੱਚ ਲਿਖੀਆਂ ਹਨ। ਤੁਸੀਂ ਹੈਰਾਨ ਹੋਵੋਗੇੰ ਕਿ ਜਦੁਨਾਥ ਸਰਕਾਰ ਨੇ ਔਰੰਗਜੇਬ ਕਾਲ ਦੇ ਦਸਤਾਵੇਜ਼ ਅਤੇ ਤੱਥਾਂ ਨੂੰ ਸਮਝਣ ਲਈ ਫ਼ਾਰਸੀ ਸਿੱਖੀ ਤਾਂ ਜੋ ਉਸ ਸਮੇਂ ਦੇ ਲਿਖੇ ਪੱਤਰ ਵਿਹਾਰ ਅਤੇ ਦਰਬਾਰੀ ਕਾਰ-ਵਿਹਾਰ ਨੂੰ ਬਾਰੀਕੀ ਨਾਲ ਮੂਲ ਰੂਪ ਵਿੱਚ ਸਮਝ ਸਕਣ। ਉਹਨਾਂ ਨੇ ਔਰੰਗਜ਼ੇਬ ਦੀ ਤ੍ਰਾਸਦੀ ਨੂੰ ਮਨੁੱਖਤਾ ਅਤੇ ਕਿਸਮਤ ਵਿਚਕਾਰ ਸੰਘਰਸ਼ ਵਜੋਂ ਦੇਖਿਆ। ਉਹਨਾਂ ਨੇ ਔਰੰਗਜ਼ੇਬ ਦੇ ਆਪਣੇ ਲਿਖੇ ਇਤਿਹਾਸ ਦੇ ਪੰਜਵੇਂ ਅਤੇ ਅੰਤਮ ਭਾਗ ਵਿੱਚ ਲਿਖਿਆ;
“ਔਰੰਗਜ਼ੇਬ ਦੀ ਕਹਾਣੀ ਕਠੋਰ ਕਿਸਮਤ ਨਾਲ ਜੂਝ ਰਹੇ ਇੱਕ ਆਦਮੀ ਦੀ ਕਹਾਣੀ ਹੈ ਜਿਸਦੀ ਮਜ਼ਬੂਤ ਮਰਦਾਨਗੀ ਉਮਰ ਦੀਆਂ ਮੰਗਾਂ ਦੁਆਰਾ ਹਾਰ ਗਈ ਸੀ।”
ਉਹ ਔਰੰਗਜ਼ੇਬ ਦੀਆਂ ਧਾਰਮਿਕ ਨੀਤੀਆਂ ਨੂੰ ਉਸਦੇ ਪਤਨ ਦਾ ਕਾਰਨ ਸਮਝਦੇ ਸਨ। ਜਦੁਨਾਥ ਸਰਕਾਰ ਨੇ ਲਿਖਿਆ ਹੈ ਕਿ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਉਸ ਦੀਆਂ ਗਲਤ ਧਾਰਮਿਕ ਅਤੇ ਸਮਾਜਿਕ ਨੀਤੀਆਂ ਪਿੱਛੇ ਸੀ, ਜਿਸਨੇ ਮੁਗ਼ਲ ਸਾਮਰਾਜ ਦੇ ਪਤਨ ਵਿੱਚ ਵੱਡੀ ਭੂਮਿਕਾ ਨਿਭਾਈ ।