‘ਅੱਕਰਮਾਸ਼ੀ’ ਸ਼ਰਣ ਕੁਮਾਰ ਲਿੰਬਾਲੇ ਦੀ ਸਵੈ-ਜੀਵਨੀ ਹੈ। ਅੱਕਰਮਾਸ਼ੀ ਦਾ ਅਰਥ ਹੈ- ਨਾਜਾਇਜ਼ ਔਲਾਦ। ਮਹਾਰਾਸ਼ਟਰ ਦੇ ਪਾਟਿਲ ਰਖੇਲਾਂ ਰੱਖਦੇ ਸਨ, ਉਨ੍ਹਾਂ ਦੇ ਬੱਚੇ ਵੀ ਹੋ ਜਾਂਦੇ ਸਨ ਪਰ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਨਹੀਂ ਸੀ ਰੱਖਦੇ। ਰਹਿੰਦੀਆਂ ਉਹ ਆਪਣੇ ਘਰਾਂ ਵਿਚ ਸਨ, ਉਹ ਪਿੰਡ ਦੀਆਂ ਕੁੜੀਆਂ ਵੀ ਹੁੰਦੀਆਂ ਸੀ ਜਾਂ ਬਾਹਰੋਂ ਲਿਆ ਕੇ ਆਪਣੇ ਪਿੰਡ ਦਲਿਤ ਬਸਤੀ ਵਿਚ ਵਸਾਈਆਂ ਹੋਈਆਂ ਵੀ। ਉਹ ਲੜਕੀਆਂ ਜਾਂ ਔਰਤਾਂ ਅਕਸਰ ਦਲਿਤ ਸਮਾਜ ਦੀਆਂ ਹੁੰਦੀਆਂ ਸਨ। ਉਨ੍ਹਾਂ ਦਾ ਰੰਗ ਰੂਪ ਚੋਣ ਦਾ ਆਧਾਰ ਹੁੰਦਾ ਸੀ। ਕਿਸੇ ਵੇਲ਼ੇ ਇਹ ਰੁਝਾਨ ਪੰਜਾਬ ਵਿੱਚ ਵੀ ਸੀ ਪਰ ਕਿਸੇ ਪੰਜਾਬੀ ਦੇ ਨਾਮਵਰ ਲੇਖਕ ਨੇ ਇਸ ਪਾਸੇ ਨਿਗ੍ਹਾ ਮਾਰਕੇ ਉਨ੍ਹਾਂ ਦੀ ਨੈਤਿਕਤਾ ਨੂੰ ਅਨੈਤਕਿਤਾ ਵਿਚ ਤਬਦੀਲ ਹੋਣ ਦੇ ਕਾਰਨਾਂ ਨੂੰ ਸਾਹਿਤਕ ਕਿਰਤ ਵਿਚ ਢਾਲ਼ਣ ਦਾ ਯਤਨ ਨਹੀਂ ਕੀਤਾ। ਲਿੰਬਾਲੇ ਨੇ ਥਾਂ-ਥਾਂ ਸਵਾਲ ਖੜ੍ਹੇ ਕੀਤੇ ਹਨ। ਵਰਣ-ਵਿਵਸਥਾ ਅੱਗੇ... ਸੱਤਾਧਾਰੀਆਂ ਅੱਗੇ ਅਤੇ ਦੁਨੀਆਦਾਰੀ ਅੱਗੇ। ਪਰ ਲੱਗਦਾ ਹੈ, ਇਨ੍ਹਾਂ ਸਾਰੀਆਂ ਇਕਾਈਆਂ ਕੋਲ ਕੋਈ ਜਵਾਬ ਨਹੀਂ ਹੈ। ਇਸ ਮਹਾਨ ਕਿਰਤ ਨੂੰ ਸਭ ਤੋਂ ਵੱਧ ਸਵਾਲ ਖੜ੍ਹੇ ਕਰਨ ਵਾਲ਼ੀ ਕਿਰਤ ਵੀ ਕਿਹਾ ਜਾ ਸਕਦਾ ਹੈ।
- ਬੂਟਾ ਸਿੰਘ ਚੌਹਾਨ