ਪੰਜਾਬੀ ਅਖਾਣਾਂ ਤੇ ਹੁਣ ਤੱਕ ਕਾਫੀ ਕੰਮ ਹੋਇਆ ਹੈ। ਸਿੱਟੇ ਵਜੋਂ ਬਹੁਤ ਸਾਰੇ ਅਖਾਣ ਕੋਸ਼ ਹੋਂਦ ਵਿੱਚ ਆਏ, ਪਰ ਤਾਂ ਵੀ ਪਿੰਡਾਂ ਦੇ ਆਮ ਬੋਲਚਾਲ ਵਿੱਚ ਸ਼ਾਮਲ ਬਹੁਤ ਸਾਰੇ ਅਖਾਣ ਇਹਨਾਂ ਪੁਸਤਕਾਂ ਵਿੱਚ ਸ਼ਾਮਲ ਹੋਣੋਂ ਰਹਿ ਗਏ ਹਨ। ਇਸ ਲਈ ਇੱਕ ਸੋਚ ਹਮੇਸ਼ਾ ਮੈਨੂੰ ਟੁੰਬਦੀ ਰਹੀ ਕਿ ਕੋਈ ਅਜਿਹਾ ਅਖਾਣ ਕੋਸ਼ ਵੀ ਹੋਣਾ ਚਾਹੀਦਾ ਹੈ ਜਿਸ ਵਿੱਚ ਪੰਜਾਬੀ ਦੇ ਸਾਰੇ ਜੇ ਨਾ ਵੀ ਹੋ ਸਕਣ ਤਾਂ ਵੱਧ ਤੋਂ ਵੱਧ ਅਖਾਣ ਜਰੂਰ ਦਰਜ਼ ਕੀਤੇ ਜਾਣ। ਕੋਈ ਗਿਆਰਾਂ-ਬਾਰਾਂ ਸਾਲ ਪਹਿਲਾਂ ਮੈਂ ਅਖਾਣਾ ਨੂੰ ਕਲਮਬੰਦ ਕਰਨਾ ਸ਼ੁਰੂ ਕੀਤਾ ਸੀ ਅਤੇ ਫਿਰ ਹਰ ਕਹਾਣੀ, ਹਰ ਨਾਟਕ, ਹਰ ਨਾਵਲ ਜਿਹੜਾ ਵੀ ਮੇਰੇ ਹੱਥ ਆਇਆ, ਸਿਰਫ ਅਖਾਣ ਲੱਭਣ ਲਈ ਮੈਂ ਉਹਨਾਂ ਸਭਨਾਂ ਨੂੰ ਪੜ੍ਹਿਆ। ਵੱਧ ਤੋਂ ਵੱਧ ਅਖਾਣ ਇਕੱਠੇ ਕਰਨੇ ਮੇਰੇ ਲਈ ਇੱਕ ਜਨੂੰਨ ਜਿਹਾ ਹੋ ਨਿੱਬੜਿਆ। ਅੱਜ ਮੇਰੇ ਕੋਲ ਸੱਤ ਹਜ਼ਾਰ ਤੋਂ ਉੱਪਰ ਅਖਾਣਾ ਦਾ ਵੱਡਾ ਭੰਡਾਰ ਇਕੱਠਾ ਹੋ ਚੁੱਕਾ ਹੈ। ਇਸ ਕੰਮ ਨੂੰ ਸੰਪੂਰਨ ਹੋਇਆ ਵੇਖ ਕੇ ਮਨ ਨੂੰ ਤਸੱਲੀ ਭਰੀ ਖੁਸ਼ੀ ਹੋਈ ਹੈ। ਮੈਂ ਇਹ ਦਾਅਵਾ ਕਤੱਈ ਨਹੀਂ ਕਰਦੀ ਕਿ ਇਸ ਪੁਸਤਕ ਵਿੱਚ ਪੰਜਾਬੀ ਦੇ ਸਾਰੇ ਅਖਾਣ ਸ਼ਾਮਿਲ ਹਨ, ਕਿਓਂਕਿ ਏਦਾਂ ਹੋ ਹੀ ਨਹੀਂ ਸਕਦਾ। ਹਾਂ ਏਨਾ ਜਰੂਰ ਕਹਿ ਸਕਦੀ ਹਾਂ ਕਿ ਹੋਰ ਕਿਸੇ ਵੀ ਕੋਸ਼ ਨਾਲੋਂ ਵਧੇਰੇ ਅਖਾਣ ਇਸ ਅਖਾਣ ਕੋਸ਼ ਵਿੱਚ ਦਰਜ਼ ਹਨ। ਦੂਸਰੀ ਗੱਲ - ਇਸ ਪੁਸਤਕ ਵਿੱਚ ਸਿਰਫ਼ ਅਖਾਣ ਹੀ ਦਰਜ਼ ਕੀਤੇ ਗਏ ਹਨ, ਕੋਈ ਮੁਹਾਵਰਾ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਜਿੰਨੀਆਂ ਵੀ ਅਖਾਣ ਪੁਸਤਕਾਂ ਉਪਲਬਧ ਹੋ ਸਕੀਆਂ, ਉਨ੍ਹਾਂ ਸਭ ਨੂੰ ਫਰੋਲ ਕੇ ਅਖਾਣ ਇਕੱਠੇ ਕਰਨ ਦਾ ਆਪਣੇ ਮਨੋਂ ਮੈਂ ਪੂਰਾ ਯਤਨ ਕੀਤਾ ਹੈ। ਮੈਂ ਆਪਣੀ ਤਰਫੋਂ ਹਰ ਅਖਾਣ ਦੇ ਨਾਲ ਉਸ ਦਾ ਅਰਥ ਜਾਂ ਭਾਵ ਅਰਥ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਵਿਦਿਆਰਥੀ ਵਰਗ ਅਤੇ ਹੋਰ ਸਭ ਨੂੰ ਇਨ੍ਹਾਂ ਨੂੰ ਸਮਝਣ ਵਿੱਚ ਅਤੇ ਆਪਣੀ ਗੱਲ-ਬਾਤ ਵਿੱਚ ਅਖਾਣਾ ਦੀ ਵਰਤੋਂ ਕਰਨ ਵਿੱਚ ਸਹਾਈ ਹੋਵੇਗਾ।