ਤੁਹਾਡੇ ਨਾਲ ਇਸ ਨਵੀੰ ਕਿਤਾਬ ਬਾਰੇ Rajesh Sharma ਜੀ ਦੇ ਲਿਖੇ ਸ਼ਬਦ ਸਾਂਝੇ ਕਰ ਰਹੇ ਹਾਂ:
------------------------
ਪੰਕਜ ਚਤੁਰਵੇਦੀ ਇਨ੍ਹਾਂ ਕਵਿਤਾਵਾਂ ਵਿਚ ਰਾਜਨੀਤੀ ਅਤੇ ਸਮਾਜ ਦੇ ਸੰਕਟ ਨੂੰ ਭਾਸ਼ਾ ਅਤੇ ਕਵਿਤਾ ਦੇ ਸੰਕਟ ਵਜੋਂ ਵਿਚਾਰਦੇ ਅਤੇ ਮਹਿਸੂਸ ਕਰਦੇ ਹਨ। ਦ੍ਰਿਸ਼ ਨੂੰ ਗਹੁ ਨਾਲ ਦੇਖਦੀ ਕਵੀ-ਦ੍ਰਿਸ਼ਟੀ ਦ੍ਰਿਸ਼ ਦੀਆਂ ਅਦਿੱਖ ਡੂੰਘਾਈਆਂ ਅੰਦਰ ਉੱਤਰਦੀ, ਵਰਤਮਾਨ ਨੂੰ ਭੂਤ ਅਤੇ ਭਵਿੱਖ ਦੀ ਨਿਰੰਤਰਤਾ ਵਿੱਚ ਸਮਝਦੀ ਹੈ। ਕ੍ਰੋਧ ਅਤੇ ਕੋਮਲਤਾ ਵਿਚਕਾਰਲੇ ਦਵੰਦ ਦੀ ਭਾਸ਼ਾ ਵਿਚ ਮੌਜੂਦਾ ਵਰਤਾਰੇ ਦੇ ਤੱਤ ਦਾ ਸਾਖਿਆਤਕਾਰ ਕਰਦੀ ਹੋਈ ਇਹ ਦ੍ਰਿਸ਼ਟੀ ਅਜਿਹੀ ਕਵਿਤਾ ਵਿੱਚ ਬਿਆਨ ਹੁੰਦੀ ਹੈ ਜੋ ਕਾਵਿਕਤਾ ਦੇ ਪ੍ਰਚਲਿਤ ਮੁਹਾਵਰੇ ਨੂੰ ਖੰਡਰ ਬਣਾਉਂਦੀ ਹੋਈ ਜੀਵਨ ਦੀ ਕਾਵਿਕਤਾ ਉੱਪਰ ਹੋ ਰਹੇ ਹਮਲਿਆਂ ਦੀ ਗਵਾਹ ਬਣਦੀ ਹੈ। ਕਿਸੇ ਸਮੇਂ ਚੈਖ਼ਵ, ਔਰਵੈਲ, ਬਰੈਸ਼ਟ, ਕਾਫ਼ਕਾ, ਬਰੌਖ ਅਤੇ ਉਹਨਾਂ ਜਿਹੇ ਹੋਰਾਂ ਨੇ ਆਪਣੇ ਸਮਿਆਂ ਨੂੰ ਇਸ ਤਰ੍ਹਾਂ ਪਰੰਤੂ ਆਪੋ-ਆਪਣੇ ਢੰਗ ਨਾਲ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ। ਰਾਜਨੀਤੀ ਅਤੇ ਸਮਾਜ ਦਾ ਕਵਿਤਾਹੀਣ ਹੋ ਜਾਣਾ ਕਿਸ ਤਰ੍ਹਾਂ ਦੀ ਕਾਵਿਕ ਸਿਰਜਣਾ ਦੀ ਮੰਗ ਕਰਦਾ ਹੈ? ਰਾਜਨੀਤੀ ਨੂੰ ਨੰਗਿਆਂ ਕਰਨ ਲਈ ਕਵਿਤਾ ਕਿਸ ਹੱਦ ਤੱਕ ਆਪਣੀ ਬਲੀ ਦੇਵੇ, ਇਹ ਖ਼ੌਫ਼ਨਾਕ ਸਵਾਲ ਇਸ ਪੁਸਤਕ ਦਾ ਕੇਂਦਰੀ ਸਵਾਲ ਹੈ।
ਰਿਸ਼ੀ ਹਿਰਦੇਪਾਲ ਨੇ ਪੁਸਤਕ ਨੂੰ ਉਸ ਦੀ ਸਮੁੱਚਤਾ ਵਿੱਚ ਪੰਜਾਬੀ ਵਿੱਚ ਪੁਨਰਜਨਮ ਦੇ ਕੇ ਪੰਜਾਬੀ ਪਾਠਕ ਲਈ ਨਵੀਆਂ ਖਿੜਕੀਆਂ ਖੋਲ੍ਹਣ ਦਾ ਨਫ਼ੀਸ ਹੌਂਸਲਾ ਕੀਤਾ ਹੈ। ਉਸਦਾ ਕੀਤਾ ਅਨੁਵਾਦ ਪੰਜਾਬੀ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਨਾਲ ਵਫ਼ਾਦਾਰੀ ਨਿਭਾਉਂਦਾ ਹੋਇਆ ਸਾਹਿਤਕ ਅੰਤਰਸੰਵਾਦ ਦੀ ਲੋਪ ਹੋ ਰਹੀ ਪਰੰਪਰਾ ਨੂੰ ਅੱਗੇ ਤੋਰਦਾ ਹੈ।