ਲੇਖਕਾਂ ਨੂੰ ਚੰਗਾ ਲਿਖਣ ਲਈ ਚੰਗੀਆਂ ਪੁਸਤਕਾਂ ਪੜੵਨੀਆਂ ਹੀ ਪੈਣਗੀਆਂ। ਇਕ ਲੇਖਕ ਲਈ ਅਧਿਐਨ ਬਹੁਤ ਹੀ ਜ਼ਰੂਰੀ ਹੈ। ਪੜ੍ਹਨ ਨਾਲ ਹੀ ਸਾਹਿਤ ਦੀ ਪਰੰਪਰਾ ਅਤੇ ਵਿਰਸੇ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਜਦੋਂ ਲੇਖਕ ਆਪਣੇ ਸਮਕਾਲੀ ਸਾਹਿਤਕਾਰਾਂ ਦੀਆਂ ਰਚਨਾਵਾਂ ਪੜ੍ਹਨਗੇ ਤਾਂ ਉਹ ਸਮਕਾਲੀਨ ਵਿਚ ਆਪਣੀਆਂ ਰਚਨਾਵਾਂ ਦਾ ਮੁਲਾਂਕਣ ਕਰਨ ਦੇ ਯੋਗ ਹੋ ਜਾਣਗੇ। ਸਮਝ ਆਵੇਗੀ, ਕਿਹੋ ਜਿਹਾ ਲਿਖਣਾ ਚਾਹੀਦਾ ਹੈ, ਕਿਹੋ ਜਿਹਾ ਨਹੀਂ। ਜੇ ਇਸ ਗੱਲ ਦੀ ਸਮਝ ਆ ਜਾਵੇ ਤਾਂ ਲੇਖਕ ਬੇਹਤਰੀਨ ਰਚਨਾਵਾਂ ਕਰ ਸਕੇਗਾ। ਆਪਣੀ ਲੇਖਣ-ਵਿਧਾ ਦੇ ਨਾਲ ਨਾਲ ਦੂਸਰੀਆਂ ਵਿਧਾਵਾਂ ਅਤੇ ਗਿਆਨ-ਵਿਗਿਆਨ ਦੀਆਂ ਪੁਸਤਕਾਂ ਦਾ ਅਧਿਐਨ ਵੀ ਜ਼ਰੂਰੀ ਹੈ। ਪੁਸਤਕਾਂ ਹੀ ਸਾਨੂੰ ਭਾਸ਼ਾ ਦੀ ਸਹੀ ਸਮਝ ਕਰਵਾਉਂਦੀਆਂ ਹਨ। ਪੁਸਤਕਾਂ ਗਿਆਨ ਦਾ ਭੰਡਾਰ ਤਾਂ ਹੁੰਦੀਆਂ ਹੀ ਹਨ, ਇਹ ਚੰਗੇ ਦੋਸਤ ਅਤੇ ਸਾਥੀ ਵੀ ਬਣ ਜਾਂਦੀਆਂ ਹਨ।
ਚੜ੍ਹਦੀ ਉਮਰ ਵਿਚ ਹੀ ਕਿਤਾਬਾਂ ਨਾਲ ਅਜਿਹੀ ਆੜੀ ਪਈ ਕਿ ਉਦਯੋਗ ਅਤੇ ਕਮਰਸ ਵਿਭਾਗ ਵਿਚ ਕੰਮ ਕਰਦਿਆਂ ਵੀ ਪਈ ਰਹੀ। ਹੁਣ ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਵੀ ਇਹ ਸਾਂਝ ਪੀਡੀ ਹੈ। ਕਿਤਾਬਾਂ ਦੇ ਸਾਥ ਨਾਲ ਹੀ ਮੈਂ, ਜ਼ਿੰਦਗੀ ਵਿਚ ਆਈਆਂ ਅਨੇਕ ਮੁਸ਼ਕਲਾਂ ਤੋਂ ਖਹਿੜਾ ਛੁਡਾ ਸਕਿਆ ਹਾਂ। ਕਿਤਾਬਾਂ ਨੇ ਬਹੁਤ ਗੁੰਝਲਾਂ ਸੁਲਝਾਈਆਂ ਹਨ। ਪੁਸਤਕਾਂ ਸਾਡੀ ਚੇਤਨਾ ਦੇ ਵਿਕਾਸ ਵਿਚ ਸਹਾਈ ਹੁੰਦੀਆਂ ਹਨ। ਕਿਤਾਬਾਂ ਦੇ ਸਾਥ ਵਿਚ ਮਨੁੱਖ ਕਦੇ ਵੀ ਇਕੱਲਾ ਨਹੀਂ ਹੁੰਦਾ। ਉਸ ਨੂੰ ਨਾ ਤਾਂ ਵਿਹਲੇ ਸਮੇਂ ਦਾ ਅਹਿਸਾਸ ਹੁੰਦਾ ਹੈ ਅਤੇ ਨਾ ਹੀ ਇਕੱਲਤਾ ਦਾ।