ਗੁਰਦੇਵ ਚੌਹਾਨ ਦੀ ਕਾਵਿ-ਪੁਸਤਕ, ‘ਵਾਟਿਕਾ’, ਵਿਚ ਵਕਤ ਬੈਂਚ ’ਤੇ ਵਿਹਲਾ ਬੈਠਾ ਮਿਲਦਾ ਹੈ, ਦੂਰੀ ਅੰਡੇ ਦਿੰਦੀ ਜਾਂਦੀ ਹੈ, ਜੁੱਤੀ ਤੁਹਾਡੇ ਅਨੇਕ ਵਰ੍ਹਿਆਂ ਨੂੰ ਖਾਂਦੀ ਹੈ, ਸਰਦੀ ਭੁੱਜੀ ਮੂੰਗਫਲੀ ਹੁੰਦੀ ਹੈ, ਝੀਲ ਧੁੱਪ ਨਾਲ ਆਪਣੀਆਂ ਬਾਹਵਾਂ ਅਤੇ ਹੱਥ-ਪੈਰ ਧੋਂਦੀ ਹੈ, ਦੁਪਹਿਰ ਕਿਸੇ ਬੁੱਢੇ ਸਾਨ੍ਹ ਵਾਂਗ ਸੜਕ ਵਿਚਕਾਰ ਬੈਠੀ ਦਿਖਦੀ ਹੈ, ਇਕਲਤਾ ਜਦ ਗੁੰਮਨਾਮ ਗੋਡੇ ਦੇ ਸਹਾਰੇ ਬੈਠਦੀ ਹੈ। ਫਿੱਕੀਆਂ ਹੋਈਆਂ, ਧੁੰਦਲੀਆਂ ਪਈਆਂ ਅੱਖਾਂ ਲਈ ਵਾਸਤਵਿਕਤਾ ਇਸ ਤਰਾਂ ਮੁੜ ਈਜਾਦ ਹੁੰਦੀ ਹੈ। ਉਹੀ, ਪਰ ਉਹੋ ਨਹੀਂ। ਕਵੀ ਸ਼ਬਦ ਜੇਬ ਵਿਚ ਪਾ ਕੇ ਉਹਨਾਂ ਦੇ ਮੇਚ ਦੇ ਅਰਥ ਲੱਭਣ ਨਹੀਂ ਜਾਂਦਾ। ਅਰਥਾਂ ਲਈ ਸ਼ਬਦ-ਕਾਇਆ ਰਚਦਾ ਹੈ। ਗੁਰਦੇਵ ਚੌਹਾਨ ਦੀ ਕਵਿਤਾ ਪੜ੍ਹ ਕੇ ਭਰਥਰੀ ਦੇ ਕਥਨ ਯਾਦ ਆਉਂਦੇ ਹਨ। ਇਹ ਕਵਿਤਾ ਇੰਦ੍ਰੀਆਵੀ ਬੋਧ ਨਾਲ ਆਰੰਭ ਹੁੰਦੀ ਹੈ ਪਰ ਉਸ ਤੱਕ ਸੀਮਿਤ ਨਹੀਂ ਰਹਿੰਦੀ। ਇਹ ਭਾਵ-ਜਗਤ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਫਿਰ ਸਵੈ-ਚਿੰਤਨ ਕਰਦੀ ਹੈ। ਫਿਰ ਇਸ ਵਿਚਲਾ ਸਵੈ-ਦ੍ਰਸ਼ਟਾ ਹੋ ਜਾਂਦਾ ਹੈ। ਕਵਿਤਾ ਕਵੀ ਦੇ ਕਮਾਏ ਆਤਮ-ਲਾਭ ਦੀ ਗਵਾਹ ਬਣ ਜਾਂਦੀ ਹੈ। ਇੰਦ੍ਰੀਆਵੀ ਬੋਧ ਸੰਪੂਰਨਤਾ ਨੂੰ ਪ੍ਰਾਪਤ ਹੁੰਦਾ ਹੈ। ਗੁਰਦੇਵ ਚੌਹਾਨ ਦੀ ਕਾਵਿਕ ਸੰਵੇਦਨਾ ਅਮੁੱਕ ਅਸਚਰਜ ਨਾਲ ਨਿਰੋਲ ਸਧਾਰਨ ਵਸਤਾਂ ਅਤੇ ਅ-ਘਟਨਾਵਾਂ ਨੂੰ ਛੋਂਹਦੀ ਹੈ ਅਤੇ ਸਹਿਜ ਹੀ ਕਵਿਤਾ ਸਿਰਜਦੀ ਹੈ। ਅਜਿਹੀ ਕਵਿਤਾ ਉਦਘਾਟਨ ਹੁੰਦੀ ਹੈ, ਤਾਂ ਹੀ ਘਟਨਾ ਬਣਦੀ ਹੈ। ਹਿੰਸਾ ਵਿੱਚੋਂ ਨਹੀਂ, ਕਾਇਨਾਤ ਦੀ ਸਵੀਕ੍ਰਿਤੀ ਵਿੱਚੋਂ ਉਪਜਦੀ ਹੈ। ਸਵੀਕ੍ਰਿਤੀ ਤੋਂ ਬਿਨਾਂ ਸ੍ਰਿਸ਼ਟੀ-ਵਿਸਤਾਰ ਨਹੀਂ ਹੁੰਦਾ। ਕਲਾ ਸ੍ਰਿਸ਼ਟੀ-ਵਿਸਤਾਰ ਹੈ, ਕਿਉਂਕਿ ਸਹਿਜ ਦੀ ਸਾਧਨਾ ਹੈ। ਸੱਚੀ ਕਾਵਿ-ਕਲਾ ਸਮੁੱਚੇ ਜੜ੍ਹ ਅਤੇ ਚੇਤਨ ਨੂੰ ਸਹਿਜ ਤਲਿਸਮ ਵਜੋਂ ਭੋਗਦੀ ਹੈ। ਇਸ ਕਵਿਤਾ ਵਿਚ ਉਸ ਕਾਵਿ-ਧਾਰਾ ਨੂੰ ਦੇਖਿਆ ਜਾ ਸਕਦਾ ਹੈ ਜੋ ਸਦੀਆਂ ਤੋਂ ਭਾਰਤੀ ਉਪ-ਮਹਾਂਦੀਪ ਦੀ ਚੇਤਨਾ ਦੀ ਅੰਤਰ-ਧਾਰਾ ਵਿਚ ਪ੍ਰਵਾਹਿਤ ਹੋ ਰਹੀ ਹੈ। ਇਸ ਦੇ ਸੋਮੇ ਪ੍ਰਾਚੀਨ ਤੰਤਰ ਵਿਚ ਹਨ। ਗੁਰਦੇਵ ਚੌਹਾਨ ਨੂੰ ਸ਼ਾਇਦ ਇਹ ਬੁੱਧ-ਚਿੰਤਨ ਅਤੇ ਧਿਆਨ-ਅਭਿਆਸ ਤੋਂ ਮਿਲੀ ਹੈ।
- ਰਾਜੇਸ਼ ਸ਼ਰਮਾ