ਇਸ ਕਿਤਾਬ ਵਿੱਚ ਮੇਰੇ ਦੋ ਸਫ਼ਰਨਾਮੇ ਹਨ। 'ਸੁਪਨਿਆਂ ਦੀ ਸੈਰ' ਮਹਿਜ਼ ਸਫ਼ਰਨਾਮਾ ਨਹੀਂ, ਸੰਸਾਰ ਪੱਧਰ ਦੇ ਕਿਸਾਨਾਂ ਵੱਲੋਂ ਆਪਣੀਆਂ ਸਾਂਝੀਆਂ ਸਮੱਸਿਆਵਾਂ ਉੱਤੇ ਚਰਚਾ ਕਰਨ ਲਈ ਯੂਰਪ ਵਿੱਚ ਕੱਢੇ ਗਏ ਅੰਤਰ ਮਹਾਂਦੀਪੀ ਕਾਰਵਾਂ ਦੀ ਰਿਪੋਰਟਿੰਗ ਵੀ ਹੈ। ਇਹ ਕਾਫ਼ਲਾ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਨੂੰ ਪੱਕਿਆਂ ਕਰਨ ਦਾ ਹੋਕਾ ਵੀ ਸੀ,ਸਰਮਾਏ ਦੇ ਵਿਸ਼ਵੀਕਰਨ, ਨਵੀਆਂ ਆਰਥਿਕ ਨੀਤੀਆਂ ਅਤੇ ਨਿੱਜੀਕਰਨ ਤੋਂ ਉਤਪੰਨ ਹੋਣ ਵਾਲੇ ਖ਼ਤਰਿਆਂ ਦੀ ਚਿਤਾਵਨੀ ਦਿੰਦਾ ਸੀ ਜਦੋਂ ਕਿ ਮੌਜੂਦਾ ਸੰਸਾਰ ਵਿਆਪੀ ਕਿਸਾਨ ਅੰਦੋਲਨ ਉਨ੍ਹਾਂ ਨੀਤੀਆਂ ਦਾ ਨਤੀਜਾ ਜਾਪਦੇ ਹਨ।
'ਕੈਨੇਡਾ ਵਾਇਆ ਤੁਰਕੀ', ਤੁਰਕੀ ਦੇ ਸ਼ਹਿਰ ਇਸਤਾਂਬੁਲ ਬਾਰੇ ਹੈ ਜਿੱਥੇ ਮੈਂ ਕੈਨੇਡਾ ਜਾਂਦਿਆਂ ਰੁਕਿਆ ਸੀ। ਇਹ ਵੀ ਸਿਰਫ਼ ਉਨ੍ਹਾਂ ਚਾਰ ਦਿਨਾਂ ਦੇ ਸੈਰ ਸਪਾਟੇ ਦੀ ਕਹਾਣੀ ਨਹੀਂ, ਸਗੋਂ ਇਸਤਾਂਬੁਲ ਦੀ ਇਤਿਹਾਸਕ, ਭੂਗੋਲਿਕ, ਰਾਜਨੀਤਕ ਅਤੇ ਧਾਰਮਿਕ ਮਹੱਤਤਾ ਬਾਰੇ ਜ਼ਿਆਦਾ ਹੈ। ਇਸਤਾਂਬੁਲ ਇੱਕ ਸ਼ਹਿਰ ਨਹੀਂ,ਦੋ ਵੱਡੇ ਧਰਮਾਂ ਦਾ ਮੁਕੱਦਸ ਸਥਾਨ ਰਿਹਾ ਹੈ ਸਦੀਆਂ ਤੱਕ । ਬਹੁਤ ਵਧੀਆ ਲੱਗਾ, ਸੋ ਲਿਖ ਦਿੱਤਾ ।ਉਮੀਦ ਹੈ ਪਸੰਦ ਕਰੋਗੇ।