ਇਹ ਸੱਭੇ ‘ਮੇਰੇ ਆਪਣੇ ਲੋਕ’ ਹਨ, ਇਹ ਸਾਰੇ ‘ਵੱਡੇ ਬੰਦੇ’ ਹਨ, ਆਪੋ ਆਪਣੇ ਖੇਤਰ ਦੇ। ਕਿਸੇ ਵਿਸ਼ੇਸ਼ ਸਿਰਲੇਖ ਦੇ ਮੁਹਤਾਜ ਨਹੀਂ ਹਨ ਏਹ, ਇਹ ਲੋਕ ਆਪਣੀ ਕਰਨੀ ਤੇ ਕੀਰਤੀ ਸਦਕਾ ਬਲ਼ਦੀਆਂ ਮਿਸ਼ਾਲਾ ਨੇ।
ਮੇਰੀ ਸਮਰਥਾ ਨਹੀਂ ਸੀ ਕਿ ਇਨ੍ਹਾਂ ਦੇ ਨਾਵਾਂ ਅੱਗੇ ਸਿਰਲੇਖ ਦਿੰਦਾ ਮੈਂ। ਇਨਾਂ ਦੇ ਮਾਣਮੱਤੇ ਨਾਮ ਹੀ ਇਨਾਂ ਦੇ ਸਿਰਨਾਵੇਂ ਹਨ।
ਇਸ ਵੱਡ ਅਕਾਰੀ ਪੋਥੀ ਵਿਚ ਗੁਰਮੁਖੀ ਅੱਖਰ ਕ੍ਰਮ ਅਨੁਸਾਰ ਹੀ ਸਭ ਨੂੰ ਰੱਖਿਆ ਗਿਆ ਹੈ।
ਇਸ ਪੁਸਤਕ ਨੂੰ ‘ਪੋਥੀ’ ਇਸ ਕਰਕੇ ਕਿਹਾ ਹੈ ਕਿਉਂਕਿ ਇਹ ਸਾਰੇ ‘ਮਹਾਂ ਪੁਰਸ਼’ ਹੀ ਨੇ ਆਪਣੇ ਆਪ ਵਿਚ ਤੇ ਸ਼ਾਹ ਅਸਵਾਰ ਹਨ। ਚਾਹੇ ਉਹ ਅੱਜ ਸਰੀਰਕ ਰੂਪ ਵਿੱਚ ਜੀਵੰਤ ਹਨ, ਚਾਹੇ ਉਹ ਇਤਿਹਾਸ ਵਿੱਚ ਜਿਉਂਦੇ ਹਨ।
ਲੋਕ ਸੰਗੀਤ ਦੇ ਸਤਿਯੁਗੀ ਲੋਕ ਗਾਇਕ ਮੇਰੇ ਮੁਰਸ਼ਦ ਉਸਤਾਦ ਲਾਲ ਚੰਦ ਯਮਲੇ ਜੱਟ ਤੋਂ ਲੈਕੇ ਮੇਰੇ ਅਫਸਰ ਰਹੇ ਛੋਟੂ ਰਾਮ ਮੌਦਗਿੱਲ ਤੀਕ ਮੇਰੇ ਦਿਲ ਵਿਚ ਡੂੰਘੇ ਉਤਰੇ ਹੋਏ ਨੇ ਇਹ ਸਾਰੇ ਉੱਚ ਦੋਮਾਲੜੇ ਵੱਡੇ ਬੰਦੇ।
ਸੱਚ ਆਖਾਂ ਕਿ ਮੇਰੇ ਸਾਹੀਂ ਰਮੇ ਹੋਏ ਨੇ ਇਹ ਮਹਿਕੰਦੜੇ ਰੂਹ ਦੇ ਹਾਣੀ !
ਇਨ੍ਹਾਂ ਸਭਨਾਂ ਦੀ ਸੰਗਤ ਮੈਂ ਬੜੀ ਨੇੜਿਓਂ ਮਾਣੀ,ਕਿਸੇ ਦੀ ਗੋਦੀ ਬਹਿ ਕੇ, ਕਿਸੇ ਦੇ ਕੰਧੇੜੇ ਚੜ੍ਹ ਕੇ ਜਗਤ ਤਮਾਸ਼ਾ ਵੇਖਿਆ ਹੈ। ਅੱਜ ਵੀ ਮਾਣ ਰਿਹਾ ਹਾਂ ਸਭਨਾਂ ਦੀ ਸੰਗਤ, ਨਿਰੰਤਰ ਸਮੇਂ ਦੀ ਅਨਹਦ ਸੰਗਤ। ਸੀਮਾ ਤੋਂ ਪਾਰ ਅਸੀਮ। ਅਜਿਹੇ ਸੁਭਾਗੇ ਪਲ ਸਭ ਨੂੰ ਨਹੀਂ ਮਿਲਦੇ ਹੁੰਦੇ।