ਰਿਸ਼ੀ ਹਿਰਦੇਪਾਲ ਆਪਣੀ ਕਵਿਤਾ ਵਿਚ ਬੜੇ ਸਹਿਜ ਨਾਲ ਨਿੱਕੀਆਂ ਨਿੱਕੀਆਂ ਸੂਖ਼ਮ ਗੱਲਾਂ ਕਰਦਾ ਸਾਨੂੰ ਸੋਚ ਦੇ ਬਹੁਤ ਲੰਮੇ ਸਫ਼ਰ ਤੇ ਲੈ ਜਾਂਦਾ ਹੈ। ਅਸੀਂ ਸੋਚਦੇ ਹਾਂ ਅਸੀਂ ਤਾਂ ਬਹੁਤ ਹੌਲੀ ਹੌਲੀ ਤੁਰੇ ਸੀ, ਏਨੀ ਦੂਰ ਕਿਵੇਂ ਆ ਗਏ? ਦਰਅਸਲ ਗਹਿਰੀ ਚੁੱਪ ਵਿਚੋਂ ਕਸ਼ੀਦ ਹੋਏ ਸ਼ਬਦਾਂ ਵਿਚਕਾਰ ਜੋ ਖ਼ਾਲੀ ਥਾਂ ਹੁੰਦੀ ਹੈ, ਉਸ ਵਿਚ ਕੋਹਾਂ ਦਾ ਪੈਂਡਾ ਸਮੋਇਆ ਹੁੰਦਾ ਹੈ। ਇਸ ਸੋਚ ਦੇ ਸਫ਼ਰ ਵਿਚ ਉਹ ਤਿੱਖਾ ਵਿਵੇਕ ਵੀ ਸ਼ਾਮਿਲ ਹੈ ਜਿਸ ਵਿਵੇਕ ਤੋਂ ਡਰਦਿਆਂ ਜਾਅਲੀ ਧਰਮੀਆਂ ਨੇ ਨਾਨਕ ਨੂੰ ਵੀ ਕੁਰਾਹੀਆ ਕਿਹਾ ਸੀ ਤੇ ਇਸ ਵਿਚ ਉਹ ਸੂਖ਼ਮ ਅਹਿਸਾਸ ਵੀ ਸ਼ਾਮਿਲ ਹਨ ਜੋ ਸਾਨੂੰ ਨਾਨਕ-ਬਾਣੀ ਅਤੇ ਰਬਾਬ ਦੀ ਸੁਰਤਿ ਧੁਨ ਨਾਲ ਜੋੜ ਦਿੰਦੇ ਹਨ। ਰਿਸ਼ੀ ਦੀ ਕਵਿਤਾ ਵਿਸਮਾਦ ਤੋਂ ਹੀਣੇ ਤਰਕ ਦੀ ਸ਼ਾਇਰੀ ਨਹੀਂ। ਇਹ ਸੁਹਜਮਈ ਰਮਜ਼ਾਂ ਦੀ ਸ਼ਾਇਰੀ ਹੈ ਤੇ ਇਸ ਦੇ ਕੈਨਵਸ ਵਿਚ ਜ਼ਿੰਦਗੀ ਦੇ ਸਾਰੇ ਪਿਆਰੇ ਰਿਸ਼ਤਿਆਂ ਦਾ ਹੁਸਨ ਸ਼ਾਮਲ ਹੈ, ਰੱਬਤਾ ਦੇ ਰਿਸ਼ਤੇ ਦਾ ਵੀ। ਇਸ ਨੂੰ ਪੜ੍ਹਦਿਆਂ ਸੁਲਤਾਨ ਬਾਹੂ ਯਾਦ ਆਉਂਦਾ ਹੈ: ਮੀਮ ਮਜ਼ਹਬ ਦੇ ਦਰਵਾਜ਼ੇ ਉੱਚੇ, ਰਾਹ ਰੱਬਾਨਾ ਮੋਰੀ ਹੂਪੰਡਤਾਂ ਅਤੇ ਮੁਲਾਣਿਆਂ ਕੋਲੋਂ, ਛੁਪ ਛੁਪ ਲੰਘੀਏ ਚੋਰੀ ਹੂ.... ਰਿਸ਼ੀ ਕੋਲ ਰੱਬਤਾ ਵੱਲ ਖੁੱਲ੍ਹਦੀ ਅਚਰਜੁ ਖਿੜਕੀ ਹੈ।
- ਸੁਰਜੀਤ ਪਾਤਰ