ਪੰਜਾਬੀ ਦੀ ਸਾਰੀ ਮੱਧਕਾਲੀ ਕਵਿਤਾ ਸੰਗੀਤਮਈ ਹੋਣ ਕਰਕੇ ਗਾਉਣ ਯੋਗ ਸੀ ਅਤੇ ਆਮ ਜਨ-ਜੀਵਨ ਨਾਲ ਜੁੜੀ ਹੋਣ ਕਰਕੇ ਸਮੂਹਿਕ ਅਵਚੇਤਨ ਨੂੰ ਟੁੰਬਦੀ ਸੀ, ਇਸੇ ਕਰਕੇ ਉਸ ਦਾ ਸਮੂਹਿਕ ਸਰੋਤਾ ਮੰਡਲ ਸੀ। ਆਧੁਨਿਕ ਕਵਿਤਾ ਵਿਚੋਂ ਬਹੁਤੀ ਪੜ੍ਹਨਯੋਗ ਹੈ ਅਤੇ ਉਧਾਰੀ ਚੇਤਨਾ ਤੇ ਆਧਾਰਿਤ ਹੋਣ ਕਰਕੇ ਸੀਮਤ ਪਾਠਕ ਵਰਗ ਵਿਚ ਵਿਚਰਦੀ ਹੈ।
ਆਜ਼ਾਦੀ ਤੋਂ ਬਾਅਦ ਗੀਤ ਕਾਵਿ-ਰੂਪ ਵਪਾਰਿਕ ਹੱਥਾਂ ਵਿਚ ਪੈ ਕੇ ‘ਮੰਡੀ ਦਾ ਮਾਲ’ ਬਣ ਗਿਆ ਸੀ। ਅਜਿਹੇ ਸਮੇਂ ਜਦੋਂ ਸਾਹਿਤਕ ਖੇਤਰ ਵਿਚ ਗੀਤ ਲਿਖਣ ਦੀ ਪਰੰਪਰਾ ਨਾਮਾਤਰ ਸੀ ਅਤੇ ਲੋਕ-ਪ੍ਰਚਲਤ ਗਾਇਕੀ ਜੋ ਵੱਡੇ ਦਾਇਰੇ ਵਿਚ ਮਕਬੂਲ ਸੀ, ਉਸ ਸਮੇਂ ‘ਧਰਮ ਕੰਮੇਆਣਾ’ ਨੇ ਸਾਫ਼-ਸੁਥਰੇ ਸਾਹਿਤਕ-ਗੀਤ ਲਿਖਣੇ ਸ਼ੁਰੂ ਕੀਤੇ। ਧਰਮ ਕੰਮੇਆਣਾ ਦੀ ਵਿਸ਼ੇਸ਼ਤਾ ਇਹ ਹੈ ਕਿ ਉਸਨੇ ਲੱਚਰਤਾ ਤੋਂ ਮੁਕਤ ਪਰ ਆਮ ਲੋਕਾਂ ਵਿਚ ਪ੍ਰਚਲਤ ਹੋਣ ਵਾਲੇ ਸਭਿਆਚਾਰਕ ਪੱਖੋਂ ਨਿਰੋਏ ਗੀਤ ਲਿਖੇ।
ਕੰਮੇਆਣਾ ਗੀਤ -ਕਾਵਿ ਦਾ ਮੁਹਾਵਰਾ ਅਤੇ ਮੁਹਾਂਦਰਾ, ਪੰਜਾਬੀ ਗੀਤਕਾਰੀ ਦੇ ਇਤਿਹਾਸ ਵਿਚ ਮੌਲਿਕ ਪਛਾਣ ਚਿੰਨ੍ਹ ਸਥਾਪਤ ਕਰਦਾ ਹੈ। ਧਰਮ ਕੰਮੇਆਣੇ ਦੇ ਗੀਤ, ਸੰਗੀਤ ਦੀ ਕਸੌਟੀ ਤੇ ਖਰੇ ਉਤਰਦੇ ਹਨ, ਜਿਸ ਦਾ ਪ੍ਰਮਾਣ ਉਸ ਦੇ ਬਹੁਤ ਸਾਰੇ ਗੀਤਾਂ ਦਾ ਪ੍ਰਸਿੱਧ ਗਾਇਕ-ਗਾਇਕਾਵਾਂ ਦੀ ਆਵਾਜ਼ ਵਿਚ ਰਿਕਾਰਡ ਹੋਣਾ ਹੈ। ਧਰਮ ਕੰਮੇਆਣਾ, ਜਿਨਸੀ ਉਲਾਰਪੁਣੇ ਦੀ ਥਾਵੇਂ ਕੁਆਰੀ ਪ੍ਰੀਤ ਦੇ ਮੇਲ-ਵਿਛੋੜੇ ਦੇ ਗੀਤ ਲਿਖਦਾ ਹੈ, ਉਹ ‘ਵਿਭਚਾਰ’ ਦੀ ਥਾਵੇਂ ‘ਪਿਆਰ’ ਦੇ ਗੀਤ ਲਿਖਦਾ ਹੈ। ਉਸਦੇ ਗੀਤਾਂ ਵਿਚੋਂ ਪੰਜਾਬ ਦੇ ਜੁਝਾਰੂ ਵਿਰਸੇ ਦਾ ਜੀਵੰਤ-ਬਿੰਬ ਵੀ ਅਭਿਿਵਅਕਤ ਹੁੰਦਾ ਹੈ। ਧਰਮ ਕੰਮੇਆਣਾ ਨੇ ‘ਸਾਹਿਤਕ’ ਅਤੇ ਲੋਕ-ਪ੍ਰਚਲਤ ਗਾਇਕੀ ਵਿਚ ਸੁੰਦਰ ਸੁਮੇਲ ਦੀ ਸਫ਼ਲ ਸਿਰਜਣਾ ਕੀਤੀ ਹੈ। ਉਸ ਦੇ ਗੀਤਾਂ ਬਾਰੇ ਹੋਰ ਕੁਝ ਕਹਿਣਾ ਨਿਰਾਰਥਕ ਹੈ, ਕਿਉਂਕਿ ਉਸ ਦੇ ਗੀਤ ਆਪਣੀ ਮਿਸਾਲ ਆਪ ਹਨ।
- ਡਾ. ਰਾਜਿੰਦਰਪਾਲ ਸਿੰਘ ਬਰਾੜ