ਅਨਿਲ ਆਦਮ ਭਾਵੇਂ ਆਪਣੇ ਜਿਉਂਦੇ ਜੀਅ ਹੀ ਆਪਣੀ ਪ੍ਰਤਿਭਾ ਦਾ ਸਿੱਕਾ ਮੰਨਵਾ ਗਿਆ ਸੀ, ਪਰ ਜਿਉਂ ਜਿਉਂ ਉਸ ਦੀਆਂ ਅਣ ਛਪੀਆਂ ਰਚਨਾਵਾਂ ਸਾਹਮਣੇ ਆ ਰਹੀਆਂ ਹਨ, ਤਿਉਂ ਤਿਉਂ ਉਸ ਦੀ ਸ਼ਾਇਰਾਨਾ ਅਜ਼ਮਤ ਦੇ ਕਈ ਨਵੇਂ ਪੱਖ ਉਜਾਗਰ ਹੋ ਰਹੇ ਹਨ ਅਤੇ ਉਸ ਦੇ ਛੇਤੀ ਤੁਰ ਜਾਣ ਦਾ ਓਨਾ ਵਧੇਰੇ ਅਫ਼ਸੋਸ ਹੋ ਰਿਹਾ ਹੈ। '26 ਸਾਲਾਂ ਬਾਅਦ' ਕਾਵਿ ਦੇ ਖੇਤਰ ਵਿਚ ਇਕ ਅਸਲੋਂ ਨਵਾਂ ਤਜਰਬਾ ਹੈ। ਇਹ ਬਹੁਤ ਸਾਰੇ ਟੁਕੜਿਆਂ ਵਿਚ ਵੰਡੀ ਇਕ ਲੰਮੀ ਕਵਿਤਾ ਹੈ ਜੋ ਮੁਕੰਮਲ ਕਿਤਾਬ ਨੂੰ ਆਪਣਾ ਆਸਣ ਬਣਾਉਂਦੀ ਹੈ ਅਤੇ ਸ਼ਾਇਰ ਦੀ 26 ਸਾਲ ਪੁਰਾਣੇ ਅਸਫ਼ਲ ਪ੍ਰੇਮ ਦੀ ਕਥਾ ਨੂੰ ਬਿਆਨ ਕਰਦੀ ਹੈ। ਪਰ ਕਵਿਤਾ ਸਿਰਫ਼ ਪ੍ਰੇਮ ਕਥਾ ਨੂੰ ਕੇਂਦਰ ਬਣਾ ਕੇ ਹੀ ਆਦਿ ਤੋਂ ਅੰਤ ਤਕ ਨਹੀਂ ਤੁਰਦੀ ਸਗੋਂ ਇਸ ਦਾ ਥੀਮ ਬਹੁਤ ਸਾਰੇ ਦਾਰਸ਼ਨਿਕ, ਇਤਿਹਾਸਮੂਲਕ, ਸਵੈ-ਜੀਵਨੀਮੂਲਕ ਅਤੇ ਮਨੁੱਖੀ ਜੀਵਨ ਦੇ ਅਨੇਕ ਸਰੋਕਾਰਾਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਸਮੁੱਚੀ ਕਿਤਾਬ ਵਿਚਲੀਆਂ ਕਵਿਤਾਵਾਂ ਪ੍ਰਤੱਖ ਪੱਧਰ ਤੇ ਸ਼ਾਇਰ ਅਤੇ ਉਸ ਦੀ ਮਹਿਬੂਬ ਕੁੜੀ ਵਿਚਕਾਰ ਹੋਈ ਫ਼ੋਨ ਕਾਲ ਜਿੰਨੀ ਕਾਲ ਸਪੇਸ ਵਿਚ ਹੀ ਉਦੈ ਹੁੰਦੀਆਂ ਹਨ, ਪਰ ਪ੍ਰੋਖ ਰੂਪ ਵਿਚ ਇਹ ਅਤੀਤ, ਵਰਤਮਾਨ ਅਤੇ ਭਵਿੱਖ ਦੇ ਤ੍ਰੈਕਾਲਿਕ ਮਹਾਂ ਸਪੇਸ ਵਿਚ ਫੈਲ ਜਾਂਦੀਆਂ ਹਨ। ਗ਼ਜ਼ਲ ਦੀ ਸੰਰਚਨਾ ਵਾਂਗ ਹਰ ਛੋਟੀ ਨਜ਼ਮ ਆਪਣੇ ਆਪ ਵਿਚ ਸੰਪੂਰਨ ਇਕਾਈ ਵੀ ਹੈ ਅਤੇ ਇਕ ਵੱਡੀ ਕਾਵਿ ਸੰਰਚਨਾ ਦਾ ਇਕ ਜੁਜ਼ ਵੀ ਹੈ। ਨਾਂ ਦੀ ਏਕਤਾ ਇਸ ਮਹਾਂ ਨਜ਼ਮ ਨੂੰ ਇਕਾਗਰਤਾ ਵੀ ਦਿੰਦੀ ਹੈ ਅਤੇ ਨਿਰੰਤਰਤਾ ਵੀ। ਸੰਵਾਦ, ਮੋਨੋਲਾਗ, ਪਿਛਲਝਾਤ, ਵਿਅੰਗ, ਵਿਰੋਧਾਭਾਸ, ਬਿਰਤਾਂਤ, ਫੈੰਟਸੀ ਪਤਾ ਨਹੀਂ ਕਿੰਨੀਆਂ ਕੁ ਕਾਵਿ ਜੁਗਤਾਂ ਵਰਤ ਗਿਆ ਹੈ ਸਾਡਾ ਸ਼ਾਇਰ ਤੇ ਉਹ ਵੀ ਬੜੀ ਸਹਿਜਤਾ ਨਾਲ। ਯਕੀਨਨ ਇਹ ਇਕ ਵਿਲੱਖਣ ਸ਼ਾਇਰ ਦੀ ਵਿਲੱਖਣ ਰਚਨਾ ਹੈ।
-- ਪ੍ਰੋ. ਜਸਪਾਲ ਘਈ