ਰਿਲਕੇ ਨੇ ਇਹ ਖ਼ਤ ਇੱਕ ਨੌਜਵਾਨ ਕਵੀ ਨੂੰ ਲਿਖੇ, ਅਜਿਹਾ ਕਵੀ ਜਿਹੜਾ ਉਹਦੇ ਵਾਂਗ ਹੀ ਮਿਲਟਰੀ ਸਕੂਲ ਵਿੱਚ ਵਿਦਿਆਰਥੀ ਵਜੋਂ ਦਾਖ਼ਲ ਹੋਇਆ ਅਤੇ ਕਾਵਿਕ ਖ਼ਿਆਲਾਂ ਵਾਲਾ ਸੀ। ਜਿਸਨੇ ਆਪਣੀਆਂ ਕਵਿਤਾਵਾਂ ਪ੍ਰਤੀ ਰਿਲਕੇ ਤੋਂ ਸਲਾਹ ਮੰਗੀ, ਪਰ ਰਿਲਕੇ ਨੇ ਉਸਨੂੰ ਦਸ ਖ਼ਤਾਂ ਵਿੱਚ ਜ਼ਿੰਦਗੀ ਦੇ ਤਜਰਬੇ, ਰਹੱਸਮਈ ਅਨੁਭਵ, ਸਿਰਜਣ ਪ੍ਰਕਿਰਿਆ, ਸੰਭੋਗ, ਕਾਮੁਕਤਾ, ਇਕਾਂਤ ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਸਾਂਝੀ ਕੀਤੀ।
ਰਿਲਕੇ ਦਾ ਜੀਵਨ ਇਕੱਲਤਾ ਅਤੇ ਉਦਾਸੀ ਭਰਪੂਰ ਸੀ, ਪਰ ਇਹ ਉਦਾਸੀ ਅਤੇ ਇਕੱਲਤਾ ਰਿਲਕੇ ਦੀ ਸਹਿਜ ਪ੍ਰਵਿਰਤੀ ਬਣ ਕੇ ਸਦਾ ਉਸਦੇ ਅੰਗ ਸੰਗ ਰਹੀ, ਜਿਸਨੂੰ ਉਹ ਰੱਜ ਕੇ ਜੀਵਿਆ। ਰਿਲਕੇ ਨੇ ਆਪਣੀ ਜ਼ਿੰਦਗੀ ਵਿਚਲੇ ਦੁੱਖਾਂ ਨੂੰ ਬੜੇ ਠਰ੍ਹੰਮੇ ਨਾਲ ਸਾਧਨਾ ਵਿੱਚ ਬਦਲਿਆ। ਰਿਲਕੇ ਨੇ ਆਪਣੀ ਸਹਿਜ ਪ੍ਰਵਿਰਤੀ, ਜਿਸ ਵਿੱਚ ਉਸਦੇ ਜੀਵਨ ਦੇ ਹਰੇਕ ਸੱਚ ਦੀ ਸਵਿਕ੍ਰਿਤੀ ਹੈ, ਨੂੰ ਏਦਾਂ ਸਵਿਕਾਰ ਕੀਤਾ ਹੈ ਕਿ ਉਸ ਵਿੱਚ ਲਾਚਾਰੀ ਜਾਂ ਜ਼ਖ਼ਮਾਂ ਉੱਤੇ ਮੱਲ੍ਹਮ ਲਗਾਉਣ ਦਾ ਕਾਰਜ ਨਹੀਂ ਸਗੋਂ ਉਸ ਦਾ ਸ਼ਾਬਦਿਕ ਰੂਪਾਂਤਰਣ ਹੈ। ਇਹ ਰੂਪਾਂਤਰਣ ਹੀ ਰਿਲਕੇ ਦੀ ਸਾਡੇ ਸਮਾਜ ਨੂੰ ਦੇਣ ਹੈ, ਇਸੇ ਦੇਣ ਕਰਕੇ ਰਿਲਕੇ ਇੱਕ ਕਵੀ ਤੋਂ ਵੱਧ ਕੇ ਦੁਨੀਆ ਭਰ ਦੇ ਸਿਰਜਕਾਂ ਲਈ ਇੱਕ ਵੱਖਰਾ ਮਿਆਰ ਸਥਾਪਤ ਕਰਦਾ ਹੈ— ਖ਼ਾਸਕਰ ਨਵੇਂ ਸਿਰਜਕਾਂ ਲਈ।
ਰਿਲਕੇ ਦੇ ਜੀਵਨ ਦਾ ਨਿਚੋੜ ਇਹਨਾਂ ਦਸ ਖ਼ਤਾਂ ਵਿੱਚ ਮੌਜੂਦ ਹੈ, ਜਿਹੜੇ ਉਸਨੇ ਇੱਕ ਅਜਿਹੇ ਕਵੀ ਨੂੰ ਲਿਖੇ ਜਿਸਨੇ ਉਸਤੋਂ ਮਾਰਗ-ਦਰਸ਼ਨ ਮੰਗਿਆ।
- ਰਿਸ਼ੀ ਹਿਰਦੇਪਾਲ