ਨਕਸ਼ਦੀਪ ਪੰਜਕੋਹਾ ਦਾ ਨਾਵਲ ‘ਗਿਰਵੀ ਹੋਏ ਮਨ’ ਸਭ ਤੋਂ ਵਧੇਰੇ ਚਰਚਾ ਵਿੱਚ ਰਿਹਾ ਹੈ, ਕਿਉਂਕਿ ਇਹ ਨਾਵਲ, ਨਸਲੀ ਵਿਤਕਰੇ, ਨਸਲੀ ਸਾੜੇ, ਅੰਤਰ-ਨਸਲੀ ਸੰਬੰਧਾਂ, ਨਸਲਵਾਦ ਤੇ ਰੰਗਭੇਦ ਦੀ ਅੰਤਰ-ਰਾਸ਼ਟਰੀ ਨੀਤੀ ਬਾਰੇ ਸੰਕੇਤਕ ਵਿਚਾਰ-ਚਰਚਾ ਕਰਦਾ ਹੈ। ਇਹ ਨਾਵਲ ਅੰਤਰਸਭਿਆਚਾਰਕ, ਇਤਿਹਾਸਕ-ਰਾਜਨੀਤਕ ਤੇ ਮਨੋਵਿਗਿਆਨਕ ਦ੍ਰਿਸ਼ਟੀ ਤੋਂ, ਪ੍ਰਚਲਿਤ ਵਿਉਹਾਰ ਦੀਆਂ ਪਰਤਾਂ ਤੇ ਸਰੋਕਾਰਾਂ ਨੂੰ ਪੇਸ਼ ਕਰਨ 'ਤੇ ਬਲ ਦੇਂਦਾ ਹੈ। ਭੂਰੇ ਲੋਕਾਂ ਅੰਦਰ, ਹੋਰ ਵਧੇਰੇ ਕਾਲੀਆਂ ਨਸਲਾਂ ਨਾਲ ਨਸਲੀ ਵਿਤਕਰੇ ਦੇ ਵੀ ਪ੍ਰਮਾਣ ਪ੍ਰਾਪਤ ਹਨ। ਆਰੀਅਨ ਤੇ ਦਰਾਵੜੀਅਨਾਂ ਦਾ ਭਾਰਤੀ ਮਾਡਲ ਹੀ ਪਰਵਾਸ ਵਿਚ ਬਦਲੇ ਰੂਪ ਵਿਚ ਹਾਜ਼ਰ ਹੋ ਜਾਂਦਾ ਹੈ। ਇਸ ਅੰਤਰ-ਰਾਸ਼ਟਰੀ ਵਿਸ਼ੇ ਨੂੰ ਤੇ ਸਮਾਜਕ ਵਿਹਾਰ ਨੂੰ, ਜਿਸ ਕਲਾਤਮਕ ਪੁਖ਼ਤਗੀ, ਸਿਰਜਣਾਤਮਕ ਵਿਵੇਕ ਤੇ ਵਿਚਾਰਧਾਰਾਈ ਆਸਣ ਤੋਂ ਪੇਸ਼ ਕੀਤਾ ਗਿਆ ਹੈ, ਉਹ ਆਪਣੀ ਮਿਸਾਲ ਆਪ ਹੀ ਹੈ। ਮਨੁੱਖੀ ਮਨ ਦੀਆਂ ਅੰਦਰੂਨੀ ਤੈਹਾਂ ਅੰਦਰ, ਰੰਗ ਦੀ ਸਿਆਸਤ ਦੇ ਸਦਾ ਵਿਦਮਾਨ ਰਹਿਣ ਦੇ ਕਾਰਨਾਂ-ਕਾਰਜਾਂ ਦੀ ਵਿਆਕਰਣ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। -ਡਾ. ਹਰਚੰਦ ਸਿੰਘ ਬੇਦੀ, ਪ੍ਰੋਫ਼ੈਸਰ ਅਮੈਰੀਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ