ਬਾਬੁਸ਼ਾ ਕੋਹਲੀ ਦਾ ਮੈਂ ਸਿਰਫ਼ ਨਾਂ ਸੁਣਿਆ ਸੀ। ਇਕ ਸਾਹਿਤਕਾਰ ਵਜੋਂ ਧਿਆਨ ਉਸ ਸਮੇਂ ਦਿੱਤਾ ਜਦੋਂ ਉਸ ਨੂੰ ਗੌਰ ਨਾਲ਼ ਪੜ੍ਹਿਆ। ਕਿਤਾਬ ਦੀ ਖ਼ੂਬੀ ਇਸ ਵਿਚਲੀ ਸੰਵੇਦਨਾ ਦੇ ਨਾਲ਼-ਨਾਲ਼ ਬਾਬੁਸ਼ਾ ਹੁਰਾਂ ਦੀ ਵੱਖਰੀ ਸ਼ੈਲੀ ਵੀ ਹੈ। ਇਕ ਯੁਵਾ ਕਵਿੱਤਰੀ ਹੋਣ ਦੇ ਨਾਲ਼-ਨਾਲ਼ ਆਪਣੀ ਵਾਰਤਕ ਨੂੰ ਕਾਵਿਕ ਛੋਹ ਦੇਣ ਦਾ ਹੁਨਰ ਵੀ ਉਨ੍ਹਾਂ ਦੇ ਹੀ ਹਿੱਸੇ ਆਇਆ ਹੈ। ਬਾਬੁਸ਼ਾ ਜੀ ਦੇ ਨਿੱਜੀ-ਜੀਵਨ ਉੱਪਰ ਝਾਤ ਪੁਆਉਂਦੀ ਇਹ ਕਿਤਾਬ ‘ਭਾਫ ਦੇ ਘਰ ਵਿਚ ਸ਼ੀਸ਼ੇ ਦੀ ਕੁੜੀ’ ਨੂੰ ਪਹਿਲੀ ਵਾਰ ਪੜ੍ਹਦਿਆਂ ਇੰਜ ਮਹਿਸੂਸ ਹੋਇਆ ਕਿ ਇਹ ਇਕ ਆਮ ਜਿਹੀ ਕਿਤਾਬ ਹੈ ਜੋ ਕਹਾਣੀਆਂ, ਸਿਧਾਂਤਾਂ, ਆਮ ਜਿਹੀਆਂ ਗੱਲਾਂ ਨਾਲ਼ ਭਰਪੂਰ ਹੈ ਪਰ ਜਦੋਂ ਇਸ ਨੂੰ ਬਤੌਰ ਅਨੁਵਾਦਕ ਪੜ੍ਹਿਆ ਅਤੇ ਘੋਖਿਆ ਤਾਂ ਜਾਣਿਆ ਕਿ ਆਪਣੇ ਅਨੁਭਵਾਂ ਜਾਂ ਸੂਖਮ ਵਿਚਾਰਾਂ ਨੂੰ ਇਕ ਮੂਲ ਰਚਨਾ ਵਿਚ ਢਾਲਣਾ ਏਨਾ ਵੀ ਸੌਖਾ ਕਾਰਜ ਨਹੀਂ। ਜਦੋਂ ਅਸੀਂ ਅਨੁਵਾਦ ਦੀ ਪ੍ਰਕਿਰਿਆ ’ਚੋਂ ਗੁਜ਼ਰਦੇ ਹਾਂ ਤਾਂ ਕਿਸੇ ਦੇ ਮੂਲ ਵਿਚਾਰ ਨੂੰ ਆਪਣੀ ਸ਼ਬਦਾਵਲੀ ਵਿਚ ਲਿਖਣ ਤੋਂ ਪਹਿਲਾਂ ਉਨ੍ਹਾਂ ਵਿਚਾਰਾਂ ਅਤੇ ਅਨੁਭਵਾਂ ਨੂੰ ਲੇਖਕ ਵਾਂਗ ਮਹਿਸੂਸ ਕਰਨਾ ਪੈਂਦਾ ਹੈ।
ਬਾਬੁਸ਼ਾ ਦੀ ਕਿਤਾਬ ਵਿਚਲੇ ਅਨੁਭਵ ਸੁਖਾਵੇਂ ਜਾਂ ਦੁਖਦ ਹੋਣ ਨਾਲ਼ੋਂ ਵੱਧ ਤਰਕਸ਼ੀਲ ਹਨ। ਉਨ੍ਹਾਂ ਦੀ ਰਚਨਾ ਨੇ ਮੈਨੂੰ ਥਾਂ-ਥਾਂ ’ਤੇ ਰੁਕਣ ਤੇ ਸੋਚਣ ਲਈ ਮਜਬੂਰ ਕੀਤਾ। ਇਕ ਸਕੂਲ ਅਧਿਆਪਕਾ ਦਾ ਆਪਣੇ ਵਿਦਿਆਰਥੀਆਂ ਨਾਲ਼ ਏਨਾ ਅਪਣੱਤ ਭਰਿਆ ਰੱਵਈਆ ਅਪਣਾ ਕੇ ਉਨ੍ਹਾਂ ਨੂੰ ਜਮਾਤ ਨਾਲ਼ ਜੋੜੀ ਰੱਖਣਾ, ਉਨ੍ਹਾਂ ਨੂੰ ਕਹਾਣੀਆਂ ਨੂੰ ਜ਼ਿੰਦਗੀ ਦੇ ਸੱਚ ਨਾਲ਼ ਰੁ-ਬ-ਰੁ ਕਰਵਾਉਣਾ, ਦੂਜੇ ਜਾਂ ਸਥਾਪਤ ਲੇਖਕਾਂ ਵਲੋਂ ਹਰ ਗੱਲ ’ਤੇ ਨੁਕਤਾਚੀਨੀ ਕਰਨਾ, ਮਨੁੱਖੀ ਜ਼ਿੰਦਗੀ ਵਿਚ ਜ਼ਰੂਰੀ ਭੂਮਿਕਾ ਨਿਭਾਉਣ ਵਾਲੇ ਸਿਧਾਂਤਾਂ ਨੂੰ ਜਾਣੂ ਕਰਵਾਉਣਾ, ਪਦਾਰਥਕ ਵਸਤਾਂ ਦੀ ਬਜਾਇ ਕੁਦਰਤੀ, ਭਾਵਨਾਤਮਕ ਅਤੇ ਸੰਵੇਦਨਸ਼ੀਲ ਵਰਤਾਰਿਆਂ ਨਾਲ਼ ਸਾਂਝ ਪੁਆਉਣਾ ਆਦਿ ਸਾਰੇ ਕੰਮ ਇੱਕੋ ਕਿਤਾਬ ਤੇ ਇੱਕੋ ਸੁਰ ਵਿਚ ਬਾਬੁਸ਼ਾ ਹੁਰੀਂ ਹੀ ਕਰ ਸਕਦੇ ਹਨ।
- ਨਿਤੇਸ਼