ਗੀਤ ਚਤੁਰਵੇਦੀ ਪਲਕ ਝਪਕਦੇ ਹਨ, ਅੱਖ ਦੀ ਪੁਤਲੀ ਵੇਖਦੀ ਹੈ, ਇੱਕ ਅਜਬ ਅਨੁਭਵ, ਇੱਕ ਅਜਬ ਵਾਕ...
ਉਹ ਉਸਨੂੰ ਬੜੀ ਸਾਦਗੀ ਨਾਲ ਕਾਗਜ਼ ਉੱਤੇ ਖ਼ੁਸ਼ਆਮਦੀਦ ਆਖਦੇ ਹਨ। ਉਨ੍ਹਾਂ ਸਾਹਵੇਂ ਪਲਕ-ਦਰ-ਪਲਕ ਵਾਕ ਉੱਤਰਦੇ ਹਨ। ਵਾਕ ਵਾਕ ਵਾਕ ਕਵਿਤਾ ਹੋ ਜਾਂਦੀ ਹੈ। ਪਹਿਲੀ ਨਜ਼ਰੇ ਇਹ ਕਵਿਤਾ ਨਹੀਂ ਜਾਪਦੀ। ਇਵੇਂ ਜਾਪਦਾ ਜਿਵੇਂ ਕੋਈ ਐਬਸਟਰੈਕਟ ਪੇਂਟਿੰਗ ਹੋਵੇ।ਜਿਸ ਵਿੱਚ ਹਰ ਚੀਜ਼ ਆਪਣਾ-ਆਪਣਾ ਮੁਕੰਮਲ ਪ੍ਰਭਾਵ ਛੱਡ ਰਹੀ।ਜਿਵੇਂ ਧਰਤੀ ਉੱਪਰ ਪਰਬਤ, ਜਲ, ਥਲ, ਰੁੱਖ, ਮਨੁੱਖ ਅਤੇ ਜੀਅ-ਜੰਤ ਪਰ ਥੋੜ੍ਹਾ ਹੋਰ ਨੇੜੇ ਤੇ ਥੋੜ੍ਹਾ ਹੋਰ ਦੂਰ ਹੋ ਕੇ ਇਸਨੂੰ ਸਮੁੱਚ ਵਿੱਚ ਸਮਝਿਆ ਜਾ ਸਕਦਾ ਹੈ। ਇਹ ਸਮਝ ਸਮਝ ਵਿੱਚ ਸਿਰਜਣਾ ਦਾ ਬੀਜ ਬਣ ਟਿਕ ਜਾਂਦੀ ਹੈ। ਪੰਜਾਬੀ ਵਿੱਚ ਅਜਿਹੀ ਕਵਿਤਾ ਵਿਰਲੀ ਹੀ ਹੈ।
ਮੈਂ ਗੀਤ ਚਤੁਰਵੇਦੀ ਦੀ ਕਵਿਤਾ ਨੂੰ ਅਨੁਵਾਦ ਕਰਨ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ, ਇਹ ‘ਕਵਿਤਾ ਦੇ ਵਿਹੜੇ` ਜਾਣ `ਤੇ ਝੋਲੀ ਪਿਆ ਫ਼ਲ਼ ਹੈ।
‘ਕਵਿਤਾ ਦੇ ਵਿਹੜੇ` ਹੀ ਪ੍ਰੀਤੀ ਸ਼ੈਲੀ ਨਾਲ ਭੇਂਟ ਹੋਈ । ਉਸ ਇੱਕ ਕਵਿਤਾ ਦੇ ਰੁੱਖ ਵੱਲ ਇਸ਼ਾਰਾ ਕੀਤਾ। ਕਿਹਾ ਘੜੀ ਬਹਿ ਵੇਖੋ ਇਸਦੀ ਛਾਂ ਵਿੱਚ। ਰੁੱਖ ਤਾਂ ਸੋਹਣਾ ਹੀ ਸੀ, ਮੈਂ ਬੈਠ ਗਿਆ। ਤੇ ਮੈਨੂੰ ਤਸੱਲੀ ਹੈ ਕਿ ਮੈਂ ਅਜਬ ਠੰਡਕ ਤੇ ਮਿਠਾਸ ਮਾਣੀ ਹੈ।
ਨਿਰਸੰਦੇਹ ਗੀਤ ਚਤੁਰਵੇਦੀ ਸਾਹਿਤ ਦੇ ਡੂੰਘੀਆਂ ਜੜ੍ਹਾਂ ਵਾਲੇ ਸੰਘਣੇ ਫ਼ਲਦਾਰ ਰੁੱਖ ਹਨ। ਪੰਜਾਬੀ ਵਿੱਚ ਵੀ ਅਜਿਹੀ ਪੌਦ ਹੋਵੇ ਮੈਂ ਅਨੁਵਾਦ ਜ਼ਰੀਏ ਇੱਕ ਕੋਸ਼ਿਸ਼ ਕੀਤੀ ਹੈ।
- ਪਵਨ ਨਾਦ